- ਲੋਕ ਸੁਵਿਧਾ ਕੈਂਪ ਦੌਰਾਨ ਲੋਕਾਂ ਨੇ ਪੰਜਾਬ ਸਰਕਾਰ ਦੀਆਂ ਸੇਵਾਵਾਂ ਦਾ ਲਿਆ ਲਾਭ
ਨਵਾਂਸ਼ਹਿਰ, ਬੰਗਾ, 12 ਫਰਵਰੀ : ‘‘ਆਪ ਦੀ ਸਰਕਾਰ ਆਪ ਦੇ ਦੁਆਰਾ’’ ਮੁਹਿੰਮ ਤਹਿਤ ਆਮ ਲੋਕਾਂ ਨੂੰ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਨਗਰ ਕੌਂਸਲ ਬੰਗਾਂ ਵੱਲੋਂ ਵਾਰਡ ਨੰ: 8 ਡਾ. ਅੰਬਦੇਕਰ ਪਾਰਕ ਬੰਗਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕ ਸੁਵਿਧਾ ਕੈਂਪ ਲਗਾਇਆ ਗਿਆ। ਇਹ ਜਾਣਕਾਰੀ ਐਸ.ਡੀ.ਐਮ. ਬੰਗਾ ਵਿਕਰਮਜੀਤ ਸਿੰਘ ਪੰਥੇ ਨੇ ਦਿੱਤੀ। ਲਗਾਏ ਗਏ ਲੋਕ ਸੁਵਿਧਾ ਕੈਂਪ ਵਿੱਚ ਲੋਕਾਂ ਵੱਲੋਂ ਸਰਕਾਰੀ ਸੇਵਾਵਾਂ ਦਾ ਭਰਪੂਰ ਲਾਭ ਲਿਆ ਗਿਆ। ਐਸ.ਡੀ.ਐਮ. ਬੰਗਾ ਨੇ ਦੱਸਿਆ ਕਿ ਕੈਂਪ ਵਿੱਚ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਮਿਲ ਰਹੀਆਂ ਹਨ। ਜਿਸ ਵਿੱਚ ਸੇਵਾ ਕੇਂਦਰ, ਮਾਲ ਵਿਭਾਗ, ਸਿਹਤ ਵਿਭਾਗ, ਨਗਰ ਨਿਗਮ, ਕਿਰਤ ਵਿਭਾਗ, ਬੈਂਕ ਵਿਭਾਗ, ਬਿਜਲੀ ਵਿਭਾਗ, ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤ ਵਿਭਾਗ ਅਤੇ ਹੋਰ ਵੱਖ-ਵੱਖ ਵਿਭਾਗਾਂ ਵੱਲੋਂ ਆਪਣੇ-ਆਪਣੇ ਕਾਊਂਟਰ ਲੱਗਾ ਕੇ ਲੋਕਾਂ ਨੂੰ ਮੌਕੇ ‘ਤੇ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ।