- ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ’ਤੇ ਸਾਂਝੀ ਰਸੋਈ ’ਚ ਖਾਣੇ ਦੀ ਕੀਮਤ 20 ਰੁਪਏ ਤੋਂ ਘਟਾ ਕੇ 10 ਰੁਪਏ ਕਰਨ ਦਾ ਐਲਾਨ
- ਸਰਬੱਤ ਦਾ ਭਲਾ ਸੋਸਾਇਟੀ ਵਲੋਂ 'ਬੁੱਕ-ਏ-ਡੇ' ਤਹਿਤ ਇਤਿਹਾਸਕ ਦਿਹਾੜੇ ’ਤੇ ਲੋੜਵੰਦਾਂ ਨੂੰ ਕਰਵਾਇਆ ਗਿਆ ਭੋਜਨ ਮੁਹੱਈਆ
ਹੁਸ਼ਿਆਰਪੁਰ, 23 ਮਈ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਵੱਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਸਾਂਝੀ ਰਸੋਈ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਜਿੱਥੇ ਖਾਣੇ ਦੀ ਗੁਣਵੱਤਾ ਦੀ ਜਾਂਚ ਕੀਤੀ, ਉੱਥੇ ਹੀ ਹੋਰ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਖਾਣਾ ਖਾਣ ਲਈ ਆਏ ਲੋਕਾਂ ਨੂੰ ਖੁਦ ਖਾਣਾ ਪਰੋਸਿਆ। ਇਸ ਮੌਕੇ ਉਨ੍ਹਾਂ ਨਾਲ ਸਹਾਇਕ ਕਮਿਸ਼ਨਰ (ਜ) ਵਿਓਮ ਭਾਰਦਵਾਜ, ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਮੈਂਬਰ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਸਾਂਝੀ ਰਸੋਈ ’ਚ ਭੋਜਨ ਦੀ ਕੀਮਤ 10 ਰੁਪਏ ਤੋਂ ਵਧਾ ਕੇ 20 ਰੁਪਏ ਕੀਤੀ ਗਈ ਸੀ ਪਰ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ’ਤੇ ਖਾਣੇ ਦੀ ਕੀਮਤ 10 ਰੁਪਏ ਕਰ ਦਿੱਤੀ ਗਈ ਹੈ। ਇਸ ਮਹੱਤਵਪੂਰਨ ਦਿਹਾੜੇ ਮੌਕੇ ਸਰਬੱਤ ਦਾ ਭਲਾ ਸੋਸਾਇਟੀ ਦੇ ਜ਼ਿਲ੍ਹਾ ਪ੍ਰਧਾਨ ਆਗਿਆਪਾਲ ਸਿੰਘ ਸਾਹਨੀ ਵੱਲੋਂ ਬੁੱਕ-ਏ-ਡੇ ਤਹਿਤ ਸਾਂਝੀ ਰਸੋਈ ਵਿੱਚ ਸਹਿਯੋਗ ਦੇ ਕੇ ਲੋੜਵੰਦਾਂ ਨੂੰ ਭੋਜਨ ਮੁਹੱਈਆ ਕਰਵਾਇਆ ਗਿਆ। ਇਸ ਮੌਕੇ ਛਬੀਲ ਵੀ ਲਗਾਈ ਗਈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰੈੱਡ ਕਰਾਸ ਸੋਸਾਇਟੀ ਵੱਲੋਂ ਚਲਾਈ ਜਾ ਰਹੀ ਸਾਂਝੀ ਰਸੋਈ ਨੇ ਪੂਰੇ ਸੂਬੇ ਵਿੱਚ ਆਪਣਾ ਵੱਖਰਾ ਸਥਾਨ ਬਣਾ ਲਿਆ ਹੈ, ਜਿਸ ਲਈ ਸੋਸਾਇਟੀ ਦੇ ਮੈਂਬਰਾਂ ਤੋਂ ਇਲਾਵਾ ਜ਼ਿਲ੍ਹਾ ਵਾਸੀ ਵਧਾਈ ਦੇ ਪਾਤਰ ਹਨ। ਉਨ੍ਹਾਂ ਦੱਸਿਆ ਕਿ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਜਾਂ ਹੋਰ ਵਿਸ਼ੇਸ਼ ਦਿਨ ਸਾਂਝੀ ਰਸੋਈ ਵਿੱਚ ਮਨਾਉਣ ਲਈ ਰੈੱਡ ਕਰਾਸ ਸੁਸਾਇਟੀ ਵੱਲੋਂ ‘ਬੁੱਕ-ਏ-ਡੇ’ ਮੁਹਿੰਮ ਤਹਿਤ ਦਿਨ ਬੁੱਕ ਕੀਤੇ ਜਾ ਰਹੇ ਹਨ। ਉਨ੍ਹਾਂ ਅਪੀਲ ਕੀਤੀ ਕਿ ਵੱਧ ਤੋਂ ਵੱਧ ਦਾਨੀ ਸੱਜਣ ਆਪਣਾ ਵਿਸ਼ੇਸ਼ ਦਿਹਾੜਾ ਸਾਂਝੀ ਰਸੋਈ ਵਿੱਚ ਮਨਾਉਣ ਤਾਂ ਜੋ ਸਮਾਜਿਕ ਸਦਭਾਵਨਾ ਪੈਦਾ ਕੀਤੀ ਜਾ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਵੱਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਾਂਝੀ ਰਸੋਈ ਵਿੱਚ ਖਾਣੇ ਦੀ ਗੁਣਵੱਤਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਪੌਸ਼ਟਿਕ ਭੋਜਨ ਹੀ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕੋਈ ਵੀ ਸਾਂਝੀ ਰਸੋਈ ਵਿੱਚ ਦੁਪਹਿਰ ਦਾ ਖਾਣਾ ਖਾਣ ਲਈ ਆ ਸਕਦਾ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਖਾਣਾ ਬਣਾਉਣ ਤੋਂ ਲੈ ਕੇ ਪਰੋਸਣ ਤੱਕ ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।