ਡਿਪਟੀ ਕਮਿਸ਼ਨਰ ਵੱਲੋਂ ਪਰਾਲੀ ਦੇ ਪ੍ਰਬੰਧਨ ਸਬੰਧੀ ਮੋਨੀਟਰਿੰਗ ਟੀਮਾਂ ਨੂੰ ਨਿਰਦੇਸ਼ ਜਾਰੀ 

ਨਵਾਂਸ਼ਹਿਰ, 5 ਨਵੰਬਰ 2024 : ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਵੱਲੋਂ ਪਰਾਲੀ ਦੇ ਪ੍ਰਬੰਧਨ ਸਬੰਧੀ ਮੋਨੀਟਰਿੰਗ ਟੀਮਾਂ ਨਾਲ ਮੀਟਿੰਗ ਕਰਕੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ਸਬੰਧੀ ਨਿਰਦੇਸ਼ ਜਾਰੀ ਕੀਤੇ ਗਏ। ਉਨ੍ਹਾਂ ਕਿਹਾ ਕਿ ਕਲੱਸਟਰ ਅਫਸਰਾਂ ਅਤੇ ਵਿਲੇਜ ਲੈਵਲ ਨੋਡਲ ਅਫਸਰਾਂ ਵੱਲੋਂ  ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਸੁਚੱਜੀ ਸਾਂਭ-ਸੰਭਾਲ ਸਬੰਧੀ ਜਾਗਰੂਕ ਕਰਨ ਲਈ ਪਿੰਡਾਂ ਵਿਚ ਟ੍ਰੇਨਿੰਗ ਕੈਂਪ ਲਗਾਏ ਜਾਣ ਅਤੇ ਗੁਰਦੁਆਰਾ ਸਾਹਿਬਾਨ ਤੋਂ ਲਗਾਤਾਰ ਅਨਾਊਂਸਮੈਂਟਾਂ ਕਰਵਾਈਆਂ ਜਾਣ। ਉਨ੍ਹਾਂ ਪਿੰਡ ਲੈਵਲ ਮੋਨੀਟਰਿੰਗ ਟੀਮਾਂ ਨੂੰ ਨਿਰਦੇਸ਼ ਜਾਰੀ ਕੀਤੇ ਕਿ ਪਰਾਲੀ ਨੂੰ ਅੱਗ ਲੱਗਣ ਵਾਲੀ ਸਾਈਟ ਦਾ 24 ਘੰਟੇ ਦੇ ਅੰਦਰ-ਅੰਦਰ ਮੌਕੇ 'ਤੇ ਦੌਰਾ ਕਰਕੇ ਰਿਪੋਰਟ ਕੀਤੀ ਜਾਵੇ ਅਤੇ ਪਿੰਡ ਦੇ ਲੰਬੜਦਾਰ ਜਾਂ ਪੰਚਾਇਤ ਮੈਂਬਰ ਤੋਂ' ਅੱਗ ਲਗਾਉਣ ਵਾਲੇ ਕਿਸਾਨ ਦਾ ਨਾਮ ਪਤਾ ਕਰਕੇ ਚਲਾਨ ਕੱਟਿਆ ਜਾਵੇ। ਉਨ੍ਹਾਂ ਸਮੂਹ ਬਲਾਕ ਖੇਤੀਬਾੜੀ ਅਫ਼ਸਰਾਂ ਨੂੰ ਕਿਹਾ ਕਿ ਕਸਟਮ ਹਾਇਟਿੰਗ ਸੈਂਟਰਾਂ ਅਤੇ ਸਹਿਕਾਰੀ ਸੋਸਾਇਟੀਆਂ ਵਿਚ ਪਰਾਲੀ ਦੇ ਪ੍ਰਬੰਧਨ ਲਈ ਉਪਲਬੱਧ ਮਸ਼ੀਨਾਂ ਦੀ ਲਿਸਟ ਕਿਸਾਨ ਗਰੁਪਾਂ ਵਿਚ ਸਾਂਝੀ ਕੀਤੀ ਜਾਵੇ ਅਤੇ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਇਹ ਮਸ਼ੀਨਾਂ ਬਿਨਾਂ ਕਿਸੇ ਕਿਰਾਏ ਤੋਂ ਮੁਹੱਈਆ ਕਰਵਾਈਆਂ ਜਾਣ। ਇਸ ਮੀਟਿੰਗ ਵਿਚ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਰਾਜਿੰਦਰ ਕੰਬੋਜ ਅਤੇ ਖੇਤੀਬਾੜੀ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਸਨ।