ਨਵਾਂਸ਼ਹਿਰ, 10 ਮਈ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨਵਾਂਸ਼ਹਿਰ ਵੱਲੋਂ ਅਪਰੈਲ-ਮਈ 2022 ਦੌਰਾਨ ਕੇ ਸੀ ਕਾਲਜ ਨਵਾਂਸ਼ਹਿਰ ਦੇ ਸਹਿਯੋਗ ਨਾਲ ਸਰਕਾਰੀ ਨੌਕਰੀਆਂ ਲਈ ਬਿਨੇ ਕਰਨ ਵਾਲਿਆਂ ਲਈ ਲਾਈ ਗਈ ਵਿਸ਼ੇਸ਼ ਕੋਚਿੰਗ ਕਲਾਸ ’ਚ ਤਿਆਰੀ ਕਰਕੇ, ਹਾਲ ਹੀ ਵਿੱਚ ਪੰਜਾਬ ਦੇ ਜਲ ਸਰੋਤ ਵਿਭਾਗ ਵਿੱਚ ਨੌਕਰੀ ਲੱਗਾ ਨੌਜੁਆਨ ਵਰਿੰਦਰ ਕੁਮਾਰ ਅੱਜ ਵਿਸ਼ੇਸ਼ ਤੌਰ ’ਤੇ ਬਿਊਰੋ ਤੇ ਚੇਅਰਮੈਨ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਰੋਜ਼ਗਾਰ ਅਧਿਕਾਰੀਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਨ ਪੁੱਜਾ। ਨਵਾਂਸ਼ਹਿਰ ਨੇੜਲੇ ਪਿੰਡ ਸਲੋਹ ਦੇ ਰਹਿਣ ਵਾਲੇ ਨੌਜੁਆਨ ਵਰਿੰਦਰ ਕੁਮਾਰ ਨੇ ਕੁੱਝ ਮਹੀਨੇ ਪਹਿਲਾਂ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਵਲੋਂ ਕਲਰਕ ਦੀਆਂ ਮੰਗੀਆਂ ਗਈਆਂ ਅਸਾਮੀਆਂ ਲਈ ਬਿਨੇ ਕੀਤਾ ਸੀ। ਉਸ ਦਾ ਕਹਿਣਾ ਹੈ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਦਿੱਤੀ ਗਈ ਗਰੁੱਪ ਸੀ ਦੀਆਂ ਅਸਾਮੀਆਂ ਲਈ ਪੇਸ਼ੇਵਰ ਕੋਚਿੰਗ ਅਤੇ ਉਸ ਤੋਂ ਬਾਅਦ ਡੀ ਬੀ ਈ ਈ ਦੀ ਲਾਇਬਰੇਰੀ ਵਿੱਚ ਮੁਹੱਈਆ ਕਰਵਾਈਆਂ ਕਿਤਾਬਾਂ ਹੀ ਉਸ ਦੀ ਇਸ ਕਾਮਯਾਬ ਮੰਜ਼ਿਲ ਨੂੰ ਪਾਉਣ ਵਿੱਚ ਸਹਾਇਕ ਸਿੱਧ ਹੋਈਆਂ। ਉਸ ਦਾ ਕਹਿਣਾ ਹੈ ਕਿ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਕਲਰਕ ਦੀਆਂ ਕੱਢੀਆਂ ਗਈਆਂ ਅਸਾਮੀਆਂ ’ਚ ਚੁਣੇ ਜਾਣ ਬਾਅਦ ਹੁਣ ਉਸ ਨੂੰ ਪੰਜਾਬ ਜਲ ਸਰੋਤ ਵਿਭਾਗ ਵਿੱਚ ਹੁਸ਼ਿਆਰਪੁਰ ਵਿਖੇ ਤਾਇਨਾਤੀ ਮਿਲੀ ਹੈ। ਵਰਿੰਦਰ ਕੁਮਾਰ ਨੇ ਇਸ ਮੌਕੇ ਸੰਜੀਵ ਕੁਮਾਰ, ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਅਤੇ ਹਰਮਨਦੀਪ ਸਿੰਘ, ਕਰੀਅਰ ਕਾਊਂਸਲਰ ਵੱਲੋਂ ਇਸ ਨੌਕਰੀ ਲਈ ਦਿੱਤੀ ਗਾਈਡੈਂਸ ਲਈ ਵਿਸ਼ੇਸ਼ ਧੰਨਵਾਦ ਕੀਤਾ। ਡਿਪਟੀ ਕਮਿਸ਼ਨਰ ਨਵਜੋਤਪਾਲ ਸਿੰਘ ਰੰਧਾਵਾ ਜਿਨ੍ਹਾਂ ਹਾਲਾਂ ਕਲ੍ਹ ਹੀ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਚਲਾਈ ਜਾ ਰਹੀ ਲਾਇਬਰੇਰੀ ਦਾ ਦੌਰਾ ਕਰਕੇ ਉੱਥੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਨੌਜੁਆਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਉਤਸ਼ਾਹਿਤ ਵੀ ਕੀਤਾ ਸੀ। ਉਨ੍ਹਾਂ ਵਰਿੰਦਰ ਦੀ ਕਾਮਯਾਬੀ ’ਤੇ ਜ਼ਿਲ੍ਹਾ ਤੇ ਰੋਜ਼ਗਾਰ ਕਾਰੋਬਾਰ ਬਿਊਰੋ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਉਸ ਨੂੰ ਸਨਮਾਨਿਤ ਵੀ ਕੀਤਾ। ਉਨ੍ਹਾਂ ਵਰਿੰਦਰ ਦੀ ਮਿਸਾਲ ਦਿੰਦਿਆਂ ਨੌਕਰੀ ਦੇ ਚਾਹਵਾਨ ਹੋਰਨਾਂ ਨੌਜੁਆਨਾਂ ਨੂੰ ਵੀ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ, ਚੰਡੀਗੜ੍ਹ ਰੋਡ, ਨਵਾਂਸ਼ਹਿਰ ਦੀ ਤੀਜੀ ਮੰਜ਼ਿਲ ’ਤੇ ਸਥਿਤ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨਾਲ ਸੰਪਰਕ ਕਰਨ ਲਈ ਆਖਿਆ। ਉਨ੍ਹਾਂ ਦੱਸਿਆ ਕਿ ਬਿਊਰੋ ਵੱਲੋਂ ਪੰਜਾਬ ਹੁਨਰ ਵਿਕਾਸ ਮਿਸ਼ਨ ਦੀਆਂ ਵੱਖ-ਵੱਖ ਸਕੀਮਾਂ ਤਹਿਤ ਹੁਨਰੀ ਸਿਖਲਾਈ ਦੇ ਥੋੜ੍ਹੇ ਸਮੇਂ ਦੇ ਕੋਰਸ ਵੀ ਸਿਖਲਾਈ ਪਾਰਟਰਨਰਾਂ ਦੇ ਮਾਧਿਅਮ ਨਾਲ ਕਰਵਾਏ ਜਾਂਦੇ ਹਨ।