- ਸਪੀਕਰ ਸੰਧਵਾਂ ਅਤੇ ਬਾਬਾ ਸੀਚੇਵਾਲ ਨੇ ਸੁਵਿਧਾ ਸੈਂਟਰ ਚ ਲਾਇਆ ਸੁਖਚੈਨ ਦਾ ਬੂਟਾ
ਕੋਟਕਪੂਰਾ, 27 ਅਪੈ੍ਰਲ : ਅਸਲ ਦੇਵਤੇ ਤਾਂ ਰੁੱਖ ਹੁੰਦੇ ਹਨ, ਜੋ ਸਾਨੂੰ ਸਾਹ ਬਖਸ਼ਦੇ ਹਨ, ਕਿਉਂਕਿ ਉਕਤ ਦਰੱਖਤ ਸਾਨੂੰ ਆਕਸੀਜਨ ਮੁਹੱਈਆ ਕਰਵਾ ਕੇ ਖੁਦ ਕਾਰਬਨ ਡਾਈਆਕਸਾਈਡ ਨੂੰ ਸੌਖ ਲੈਣ ਵਿੱਚ ਸਾਡੀ ਮੱਦਦ ਕਰਦੇ ਹਨ। ਸਥਾਨਕ ਤਹਿਸੀਲ ਕੰਪਲੈਕਸ ਵਿੱਚ ਸਥਿੱਤ ਸੁਵਿਧਾ ਸੈਂਟਰ ਵਿੱਚ ਸੁਖਚੈਨ ਦਾ ਬੂਟਾ ਲਾਉਣ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਰਾਜ ਸਭਾ ਮੈਂਬਰ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕੀਤਾ। ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਆਖਿਆ ਕਿ ਦਰੱਖਤ ਸਾਡੇ ਫੇਫੜੇ ਹੁੰਦੇ ਹਨ, ਜੋ ਸਾਡੀ ਸਾਹ ਪ੍ਰਣਾਲੀ ਨੂੰ ਦਰੁਸਤ ਰੱਖਣ ਦਾ ਕੰਮ ਕਰਦੇ ਹਨ। ਉਹਨਾਂ ਦੱਸਿਆ ਕਿ ਸੁਖਚੈਨ ਦੇ ਦਰੱਖਤ ਦੀ ਦਾਤਣ ਅਤੇ ਲੱਕੜੀ ਵੀ ਬਹੁਤ ਕੀਮਤੀ ਹੁੰਦੀ ਹੈ ਅਤੇ ਇਸ ਦਰੱਖਤ ਦੇ ਹੋਰ ਵੀ ਬਹੁਤ ਸਾਰੇ ਫਾਇਦੇ ਹੁੰਦੇ ਹਨ ਪਰ ਜੋ ਦਰੱਖਤਾਂ ਨੂੰ ਕੱਟਦੇ ਜਾਂ ਸਿਉਂਕ ਦੇ ਰੂਪ ਵਿੱਚ ਖਾ ਜਾਂਦੇ ਹਨ, ਉਹ ਮਨੁੱਖ ਹੋਵੇ ਜਾਂ ਕੀਟ ਪਤੰਗੇ, ਉਹਨਾਂ ਨੂੰ ਦੈਂਤ ਅਰਥਾਤ ਦੁਸ਼ਮਣਾ ਦਾ ਨਾਮ ਦਿੱਤਾ ਗਿਆ ਹੈ ਪਰ ਹਰ ਕਿਸਮ ਦੇ ਦਰੱਖਤ ਨੂੰ ਦੇਵਤਾ ਮੰਨ ਕੇ ਉਹਨਾਂ ਦੀ ਸੇਵਾ ਸੰਭਾਲ ਕਰਨਾ ਸਾਡਾ ਮੁੱਢਲਾ ਫਰਜ਼ ਹੈ। ਸਪੀਕਰ ਸੰਧਵਾਂ ਨੇ ਸੁਵਿਧਾ ਸੈਂਟਰ ਦੇ ਸਮੂਹ ਕਰਮਚਾਰੀਆਂ ਨੂੰ ਪੇਸ਼ਕਸ਼ ਕੀਤੀ ਕਿ ਜੋ ਕਰਮਚਾਰੀ ਇਸ ਬੂਟੇ ਦੀ ਸੇਵਾ ਸੰਭਾਲ ਕਰੇਗਾ, ਉਹਨਾਂ ਸਾਰਿਆਂ ਨੂੰ ਢੁੱਕਵੇਂ ਸਮੇਂ ’ਤੇ 1000-1000 ਰੁਪਿਆ ਨਗਦ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਂਝ ਦਾਅਵਾ ਕੀਤਾ ਕਿ ਜਿਲਾ ਫਰੀਦਕੋਟ ਦੇ ਵੱਖ-ਵੱਖ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਵਾਤਾਵਰਣ ਦੀ ਸੰਭਾਲ ਅਰਥਾਤ ਵੱਧ ਤੋਂ ਵੱਧ ਰੁੱਖ ਲਾਉਣ ਲਈ ਬਹੁਤ ਸਾਰੀਆਂ ਵਾਤਾਵਰਣ ਪੱਖੀ ਸੰਸਥਾਵਾਂ ਤੇ ਜਥੇਬੰਦੀਆਂ ਯਤਨਸ਼ੀਲ ਹਨ, ਜਿੰਨਾ ਨੂੰ ਪੰਜਾਬ ਸਰਕਾਰ ਅਤੇ ਜਿਲਾ ਪ੍ਰਸ਼ਾਸ਼ਨ ਵਲੋਂ ਸਮੇਂ ਸਮੇਂ ਸਨਮਾਨਿਤ ਵੀ ਕੀਤਾ ਜਾਂਦਾ ਹੈ।