- ਜੰਗਲਾਤ ਮੰਤਰੀ ਨੇ ਹੁਸ਼ਿਆਰਪੁਰ ’ਚ ਪੌਲੀਥੀਨ ਬੈਗ ਫੈਕਟਰੀ ਦਾ ਕੀਤਾ ਦੌਰਾ
- ਕਿਹਾ, ਪੂਰਨ ਤੌਰ ’ਤੇ ਕਾਰਜਸ਼ੀਲ ਫੈਕਟਰੀ ’ਚ ਕੀਤਾ ਜਾ ਰਿਹੈ ਹਰ ਹਫਤੇ 3.50 ਟਨ ਥੈਲੀਆਂ ਦਾ ਉਤਪਾਦਨ
- ਥੈਲੀਆਂ ਦੇ ਮਿਆਰ ’ਚ ਵਾਧਾ ਕਰਦਿਆਂ ਮੋਟਾਈ 30 ਮਾਈਕਰੋਨ ਤੋਂ ਵਧਾ ਕੇ 76 ਮਾਈਕਰੋਨ ਕੀਤੀ ਗਈ
ਹੁਸ਼ਿਆਰਪੁਰ, 26 ਮਈ : ਪੰਜਾਬ ਦੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸੂਬੇ ਨੂੰ ਹਰਿਆ-ਭਰਿਆ ਅਤੇ ਸਾਫ਼-ਸੁਥਰਾ ਬਣਾਉਣ ਦੇ ਉਦੇਸ਼ ਨਾਲ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵਲੋਂ ਅਹਿਮ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਸੂਬੇ ਦੀਆਂ ਨਰਸਰੀਆਂ ਵਿੱਚ ਵੱਡੇ ਪੱਧਰ ’ਤੇ ਬੂਟੇ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬੂਟੇ ਤਿਆਰ ਕਰਨ ਲਈ ਸਭ ਤੋਂ ਪਹਿਲੀ ਲੋੜ ਬੂਟੇ ਨੂੰ ਸੰਭਾਲਣ ਲਈ ਥੈਲੀਆਂ ਦੀ ਹੁੰਦੀ ਹੈ। ਇਸ ਲਈ ਸੂਬੇ ਵਿੱਚ ਨਰਸਰੀਆਂ ਦੇ ਲਈ ਸਾਲ 2022-23 ਅਤੇ 2023-24 ਦੋ ਸਾਲਾਂ ਲਈ ਕਰੀਬ 3 ਕਰੋੜ ਪੌਦਿਆਂ ਦੇ ਟੀਚੇ ਨੂੰ ਪੂਰਾ ਕਰਨ ਲਈ ਹੁਸ਼ਿਆਰਪੁਰ ਵਿੱਚ ਸਥਿਤ ਪੌਲੀਥੀਨ ਫੈਕਟਰੀ ਨੂੰ ਪੂਰੀ ਤਰ੍ਹਾਂ ਕਾਰਜਸ਼ੀਲ ਕਰ ਦਿੱਤਾ ਗਿਆ ਹੈ ਅਤੇ ਇਸ ਦੀ ਉਤਪਾਦਨ ਸਮਰੱਥਾ ਨੂੰ ਵਧਾਉਣ ਦੇ ਨਾਲ-ਨਾਲ ਥੈਲੀਆਂ ਦੇ ਮਿਆਰ ਵਿੱਚ ਵੀ ਵਾਧਾ ਕੀਤਾ ਗਿਆ ਹੈ। ਉਹ ਅੱਜ ਹੁਸ਼ਿਆਰਪੁਰ ਦੇ ਬੱਸੀ ਜਾਨਾ ਸਥਿਤ ਵਣਪਾਲ ਖੋਜ ਤੇ ਟ੍ਰੇਨਿੰਗ ਸਰਕਲ, ਐਸ.ਐਫ.ਆਰ.ਆਈ ਲਾਡੋਵਾਲ, ਲੁਧਿਆਣਾ ਤਹਿਤ ਬੈਗਜ਼ ਫੈਕਟਰੀ ਦੇ ਦੌਰੇ ਦੌਰਾਨ ਜਾਣਕਾਰੀ ਦੇ ਰਹੇ ਸਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਤਹਿਤ ਜਿੱਥੇ ਫੈਕਟਰੀ ਨੂੰ ਅਪਗ੍ਰੇਡ ਕਰਦੇ ਹੋਏ ਜਿਥੇ ਪੁਰਾਣੀਆਂ ਮਸ਼ੀਨਾਂ ਦੀ ਮੁਰੰਮਤ ਕਰਵਾਈ ਗਈ ਹੈ, ਉਥੇ ਇਕ ਨਵੀਂ ਪੂਰੀ ਤਰ੍ਹਾਂ ਆਟੋਮੈਟਿਕ ਮਸ਼ੀਨ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਯਤਨਾਂ ਤਹਿਤ ਹੁਣ ਇਥੇ ਹਰ ਹਫ਼ਤੇ ਕਰੀਬ 3.5 ਟਨ ਥੈਲੀਆਂ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਥੈਲੀਆਂ ਦੀ ਮੋਟਾਈ 30 ਮਾਈਕਰੋਨ ਤੋਂ ਵਧਾ ਕੇ 76 ਮਾਈਕਰੋਨ ਕਰ ਦਿੱਤੀ ਗਈ ਹੈ, ਜਿਸ ਨਾਲ ਹੁਣ ਨਰਸਰੀ ਵਿੱਚ ਅਸਾਨੀ ਨਾਲ ਇਨ੍ਹਾਂ ਥੈਲੀਆਂ ਵਿੱਚ ਦੋ ਸਾਲ ਤੱਕ ਪੌਦਿਆਂ ਨੂੰ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਫੈਕਟਰੀ ਨੂੰ ਵਾਤਾਵਰਣ ਪੱਖੀ ਬਣਾਉਣ ਦੇ ਉਦੇਸ਼ ਦੀ ਪੂਰਤੀ ਲਈ ਜੋ ਵੀ ਪਲਾਸਟਿਕ ਦਾ ਕੂੜਾ ਪੈਦਾ ਹੁੰਦਾ ਹੈ, ਉਸ ਦੀ 100 ਫੀਸਦੀ ਰੀਸਾਈਕਲ ਕਰਕੇ ਪੋਲੀਥੀਨ ਬੈਗਜ਼ ਤਿਆਰ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਜੰਗਲਾਤ ਵਿਭਾਗ ਦੇ ਟੀਚੇ ਨੂੰ ਮੁੱਖ ਰੱਖਦਿਆਂ ਇੱਥੇ ਤਿੰਨ ਸ਼ਿਫਟਾਂ ਵਿੱਚ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਇਥੇ ਸਥਿਤ ਮੌਡਰਨ ਨਰਸਰੀ ਅਤੇ ਵਰਮੀ ਕੰਪੋਸਟ ਯੂਨਿਟ ਦਾ ਨਿਰੀਖਣ ਵੀ ਕੀਤਾ। ਇਸ ਮੌਕੇ ਵਣਪਾਲ ਖੋਜ ਤੇ ਟ੍ਰੇਨਿੰਗ ਸਰਕਲ ਐਸ.ਐਫ.ਆਰ.ਆਈ ਲਾਡੋਵਾਲ, ਲੁਧਿਆਣਾ ਸਤਨਾਮ ਸਿੰਘ, ਵਣਪਾਲ ਨਾਰਥ ਸਰਕਲ ਹੁਸ਼ਿਆਰਪੁਰ ਡਾ: ਸੰਜੀਵ ਕੁਮਾਰ ਤਿਵਾੜੀ, ਡੀ.ਐਫ.ਓ ਅਮਨੀਤ ਸਿੰਘ, ਐਸ.ਡੀ.ਐਮ. ਹੁਸ਼ਿਆਰਪੁਰ ਪ੍ਰੀਤ ਇੰਦਰ ਸਿੰਘ ਬੈਂਸ, ਡੀ. ਐਫ਼. ਐਸ. ਸੀ ਸੱਯੋਗਿਤਾ, ਵਣ ਰੇਂਜ ਅਫਸਰ ਜਤਿੰਦਰ ਸਿੰਘ ਵੀ ਹਾਜ਼ਰ ਸਨ।