ਹੁਸ਼ਿਆਰਪੁਰ, 16 ਜਨਵਰੀ : ਜ਼ਿਲ੍ਹਾ ਅਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਿਲਬਾਗ ਸਿੰਘ ਜੋਹਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਵਲੋਂ ਫਰੰਟ ਆਫਿਸ ਗੜ੍ਹਸ਼ੰਕਰ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਰਿਟੇਨਰ ਐਡਵੋਕੇਟ ਮਿਸ ਸਰਿਤਾ ਕੰਵਰ ਅਤੇ ਮਿਸ ਪ੍ਰਵੀਨ ਕੁਮਾਰੀ ਪੀ.ਐਲ.ਵੀ ਗੜ੍ਹਸ਼ੰਕਰ ਦੇ ਕੰਮਕਾਜ਼ ਦਾ ਜਾਇਜ਼ਾ ਲੈਣ ਤੋਂ ਇਲਾਵਾ ਫਰੰਟ ਆਫਿਸ ਵਿਚ ਲੋਕਾਂ ਨੂੰ ਦਿੱਤੀ ਜਾਣ ਵਾਲੀ ਮੁਫਤ ਕਾਨੂੰਨੀ ਸਹਾਇਤਾ ਦਾ ਕਾਰਵਾਈ ਰਜਿਸਟਰ ਚੈਕ ਕੀਤਾ ਅਤੇ ਨਾਲ ਹੀ ਪੈਨਲ ਦੇ ਵਕੀਲਾਂ ਦੀ ਕਾਰਗੁਜ਼ਾਰੀ ਰਿਪੋਰਟ ਦੇ ਪ੍ਰੋਸੀਡਿੰਗ ਕਾਰਡ ਵੀ ਚੈੱਕ ਕੀਤੇ, ਜਿਨ੍ਹਾਂ ਕੇਸਾਂ ਵਿਚ ਮੁਫਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ। ਉਪੋਰਕਤ ਤੋ ਇਲਾਵਾ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਫਰੰਟ ਆਫਿਸ ਗੜ੍ਹਸ਼ੰਕਰ ਵਿਖੇ ਰੱਖੇ ਗਏ ਰਿਟੇਨਰ ਐਡਵੋਕੇਟ ਅਤੇ ਪੀ.ਐਲ.ਵੀ ਨੂੰ ਸਾਲ-2024 ਦੀ ਪਹਿਲੀ ਕੌਮੀ ਲੋਕ ਅਦਾਲਤ, ਜੋ ਕਿ 9 ਮਾਰਚ 2024 ਨੂੰ ਜ਼ਿਲ੍ਹਾ ਪੱਧਰ ਅਤੇ ਸਬ ਡਵੀਜ਼ਨ ਪੱਧਰ ’ਤੇ ਕੋਰਟ ਕੰਪਲੈਕਸ ਵਿਖੇ ਲਗਾਈ ਜਾਣੀ ਹੈ, ਸਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਇਸ ਕੌਮੀ ਲੋਕ ਅਦਾਲਤ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਅਥਾਰਟੀ ਨੂੰ ਆਪਣਾ ਸਹਿਯੋਗ ਦਿੱਤਾ ਜਾਵੇ।