- ਜੁਗਾੜੂ ਮੋਟਰ ਸਾਈਕਲ ਰੇਹੜੀਆਂ ਕੀਤੀਆਂ ਜ਼ਬਤ
ਹੁਸ਼ਿਆਰਪੁਰ, 27 ਜਨਵਰੀ : ਸੜਕ ਸੁਰੱਖਿਆ ਮਹੀਨਾ-2024 ਦੌਰਾਨ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਦੇ ਨਿਰਦੇਸ਼ਾਂ ’ਤੇ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਆਰ.ਐਸ. ਗਿੱਲ ਨੇ ਇਨਫੋਰਸਮੈਂਟ ਡਰਾਈਵ ਤਹਿਤ ਟ੍ਰੈਫਿਕ ਨਿਸਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ’ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਦੇ ਚਾਲਾਨ ਕੱਟੇ ਅਤੇ ਓਵਰਲੋਡ ਗੱਡੀਆਂ ਨੂੰ ਇੰਪਾਊਂਡ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ’ਤੇ ਅਣਅਧਿਕਾਰਤ ਜੁਗਾੜੂ ਮੋਟਰ ਸਾਈਕਲ ਰੇਹੜੀਆਂ, ਜੋ ਕਿ ਸੜਕਾਂ ’ਤੇ ਹਾਦਸਿਆਂ ਦਾ ਕਾਰਨ ਬਣਦੀਆਂ ਹਨ, ਨੂੰ ਵੱਖ-ਵੱਖ ਥਾਣਿਆਂ ਵਿਚ ਜ਼ਬਤ ਕੀਤਾ ਗਿਆ। ਇਸ ਦੌਰਾਨ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਗੱਡੀਆਂ ਨੂੰ ਅਣਅਧਿਕਾਰਤ ਤੌਰ 'ਤੇ ਮਾਡੀਫਾਈ ਨਾ ਕੀਤਾ ਜਾਵੇ ਅਤੇ ਦਸਤਾਵੇਜ਼ ਪੂਰੇ ਰੱਖੇ ਜਾਣ। ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮੋਟਰ ਵਹੀਕਲ ਐਕਟ, 1988 ਦੀ ਧਾਰਾ 41 (7) ਅਨੁਸਾਰ ਨਾਨ-ਟਰਾਂਸਪੋਰਟ ਗੱਡੀਆਂ (ਨਿਜੀ ਵਾਹਨਾਂ) ਦੀ ਰਜਿਸਟਰੇਸ਼ਨ ਦੀ ਮਿਆਦ 15 ਸਾਲ ਤੱਕ ਹੁੰਦੀ ਹੈ। ਇਸ ਉਪਰੰਤ ਸੈਂਟਰਲ ਮੋਟਰ ਵਹੀਕਲ ਰੂਲਜ਼, 1989 ਦੇ ਰੂਲ 52 ਦੇ ਅਨੁਸਾਰ ਵਾਹਨ ਦੇ ਰਜਿਸਟਰੇਸ਼ਨ ਸਰਟੀਫਿਕੇਟ ਦੀ ਰਿਨਿਊ ਗੱਡੀ ਦੀ ਫਿਜੀਕਲ ਇੰਸਪੈਕਸ਼ਨ ਉਪਰੰਤ 5 ਸਾਲ ਲਈ ਵਧਾਈ ਜਾਂਦੀ ਹੈ। ਮੋਟਰ ਵਹੀਕਲ ਐਕਟ 1988 ਦੀ ਧਾਰਾ 55 (1) ਅਨੁਸਾਰ ਜੇਕਰ ਕੋਈ ਮੋਟਰ ਵਾਹਨ ਨਸ਼ਟ ਹੋ ਗਿਆ ਹੈ ਜਾਂ ਸਥਾਈ ਤੌਰ ’ਤੇ ਵਰਤੋਂ ਦੇ ਯੋਗ ਨਹੀਂ ਹੈ, ਤਾਂ ਉਸ ਗੱਡੀ, ਟਰੈਕਟਰ, ਮੋਟਰ ਸਾਈਕਲ ਦਾ ਮਾਲਿਕ 14 ਦਿਨ ਦੇ ਅੰਦਰ ਜਾਂ ਜਿੰਨੀ ਜਲਦ ਹੋ ਸਕੇ, ਰਜਿਸਟਰ ਕਰਨ ਵਾਲੀ ਅਥਾਰਟੀ, ਸਬੰਧਤ ਸਬ-ਡਵੀਜ਼ਨਲ ਮੈਜਿਸਟਰੇਟ ਜਾਂ ਰਿਜਨਲ ਟਰਾਂਸਪੋਰਟ ਅਫ਼ਸਰ ਕੋਲ ਉਸ ਵਾਹਨ ਦਾ ਰਜਿਸਟਰੇਸ਼ਨ ਸਰਟੀਫਿਕੇਟ ਸਰੰਡਰ ਕਰਵਾਏਗਾ। ਇਨ੍ਹਾਂ ਨਿਯਮਾਂ ਦੀ ਪਾਲਣਾ ਲਈ ਵਾਹਨ ਮਾਲਕ ਨੂੰ ਸੂਚਿਤ ਕੀਤਾ ਗਿਆ ਕਿ ਜਿਨ੍ਹਾਂ ਵਾਹਨਾਂ ਦੀ ਰਜਿਸਟਰੇਸ਼ਨ ਦੀ ਮਿਆਦ 15 ਸਾਲ ਪੂਰੀ ਹੋ ਚੁੱਕੀ ਹੈ ਅਤੇ ਉਨ੍ਹਾਂ ਵਾਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਮੋਟਰ ਵਹੀਕਲ ਐਕਟ ਰੂਲਜ਼ ਦੇ ਅਨੁਸਾਰ ਉਸ ਵਾਹਨ ਦਾ ਰਜਿਸਟਰੇਸ਼ਨ ਰੀਨਿਊ ਕਰਵਾਉਣਾ ਜ਼ਰੂਰੀ ਹੈ। ਸੜਕ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਰਜਿਸਟਰੇਸ਼ਨ ਸਰਟੀਫਿਕੇਟ ਬਿਨਾਂ ਰੀਨਿਊ ਕਰਵਾਏ, ਸੜਕ ’ਤੇ ਚਲਾਉਣ ਵਾਲੇ ਵਾਹਨ ਚਾਲਕਾਂ ਵਿਰੁੱਧ ਮੋਟਰ ਵਹੀਕਲ ਐਕਟ ਤਹਿਤ ਬਣਦੀਆਂ ਧਾਰਾਵਾਂ ਅਨੁਸਾਰ ਕਾਰਵਾਈ ਕਰਦੇ ਹੋਏ ਵਾਹਨ ਜ਼ਬਤ ਕਰ ਲਏ ਜਾਣਗੇ। ਇਸ ਮੌਕੇ ਮੋਟਰ ਵਹੀਕਲ ਇੰਸਪੈਕਟਰ ਰਿਸ਼ੀ ਸ਼ਰਮਾ ਵੀ ਮੌਜੂਦ ਸਨ।