- ਡਿਪਟੀ ਸਪੀਕਰ ਨੇ ਦਸੂਹਾ ਦੇ ਪਿੰਡ ਝਿੰਗੜ ਕਲਾਂ ਵਿਖੇ ਬਣੇ ਬਹੁਮੰਤਵੀ ਖੇਡ ਪਾਰਕ ਦਾ ਕੀਤਾ ਉਦਘਾਟਨ
- 22 ਲੱਖ ਰੁਪਏ ਦੀ ਲਾਗਤ ਨਾਲ ਬਣੇ ਆਲੀਸ਼ਾਨ ਖੇਡ ਪਾਰਕ ਵਿਚ ਨੌਜਵਾਨਾਂ, ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਲਈ ਵਿਸ਼ੇਸ਼ ਸਹੂਲਤਾਂ ਉਪਲੱਬਧ
ਦਸੂਹਾ, 5 ਜਨਵਰੀ : ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਮੁੜ ਖੇਡਾਂ ਵਿਚ ਮੋਹਰੀ ਬਣਾਉਣ ਲਈ ਸਾਰਥਕ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਖੇਡ ਸੱਭਿਆਚਾਰ ਅਤੇ ਚੰਗੇ ਖਿਡਾਰੀ ਪੈਦਾ ਕਰਨ ਲਈ ਇਸ ਦੀ ਸ਼ੁਰੂਆਤ ਪਿੰਡ ਪੱਧਰ ਤੋਂ ਕੀਤੀ ਗਈ ਸੀ, ਜਿਥੇ 'ਖੇਡਾਂ ਵਤਨ ਪੰਜਾਬ ਦੀਆਂ' ਰਾਹੀਂ ਖਿਡਾਰੀਆਂ ਨੂੰ ਸੂਬਾ ਪੱਧਰ ਤੱਕ ਮਾਨਤਾ ਦਿੱਤੀ ਜਾ ਰਹੀ ਹੈ, ਉਥੇ ਹੀ ਬਹੁਮੰਤਵੀ ਖੇਡ ਸਟੇਡੀਅਮ ਵੀ ਬਣਾਏ ਜਾ ਰਹੇ ਹਨ। ਉਹ ਅੱਜ ਦਸੂਹਾ ਦੇ ਪਿੰਡ ਝਿੰਗੜ ਕਲਾਂ ਵਿਚ 22 ਲੱਖ ਰੁਪਏ ਦੀ ਲਾਗਤ ਨਾਲ ਬਣੇ ਬਹੁਮੰਤਵੀ ਖੇਡ ਪਾਰਕ ਦਾ ਉਦਘਾਟਨ ਕਰਨ ਮੌਕੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਦੇ ਨਾਲ ਵਿਧਾਇਕ ਦਸੂਹਾ ਕਰਮਬੀਰ ਸਿੰਘ ਘੁੰਮਣ, ਐਸ.ਡੀ.ਐਮ ਦਸੂਹਾ ਪ੍ਰਦੀਪ ਸਿੰਘ ਬੈਂਸ ਵੀ ਮੌਜੂਦ ਸਨ। ਡਿਪਟੀ ਸਪੀਕਰ ਨੇ ਕਿਹਾ ਕਿ ਵਿਧਾਇਕ ਕਰਮਬੀਰ ਸਿੰਘ ਘੁੰਮਣ ਦੀ ਅਗਵਾਈ ਹੇਠ ਦਸੂਹਾ ਵਿਖੇ ਪਿੰਡ ਪੱਧਰ 'ਤੇ ਲਗਾਤਾਰ ਖੇਡ ਪਾਰਕ ਬਣਾਏ ਜਾ ਰਹੇ ਹਨ, ਜੋ ਕਿ ਇਕ ਚੰਗਾ ਉਪਰਾਲਾ ਹੈ | ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਬਣਾਏ ਜਾ ਰਹੇ ਬਹੁਮੰਤਵੀ ਖੇਡ ਪਾਰਕ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਦੱਸਿਆ ਕਿ ਪਿੰਡ ਝਿੰਗੜ ਕਲਾਂ ਵਿਚ ਬਣੇ ਬਹੁਮੰਤਵੀ ਖੇਡ ਪਾਰਕ ਵਿਚ ਫੁੱਟਬਾਲ ਗਰਾਊਂਡ, ਸੈਰਗਾਹ, ਚਿਲਡਰਨ ਪਾਰਕ, ਓਪਨ ਏਅਰ ਜਿੰਮ, ਸਿਟਿੰਗ ਹੱਟਸ, ਫੁੱਟ ਲਾਈਟਾਂ, ਹਾਈ ਮਾਸਟ ਲਾਈਟ, ਗ੍ਰਾਸ ਟਰਫ ਅਤੇ ਘਾਹ ਦੀ ਸਾਂਭ-ਸੰਭਾਲ ਲਈ ਸਪ੍ਰਿੰਕਲ ਸਿਸਟਮ ਵੀ ਲਗਾਇਆ ਗਿਆ ਹੈ। ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕਿਹਾ ਕਿ 'ਖੇਡਾਂ ਵਤਨ ਪੰਜਾਬ ਦੀਆ' ਨੇ ਖਿਡਾਰੀਆਂ ਨੂੰ ਪਿੰਡ ਪੱਧਰ 'ਤੇ ਅੱਗੇ ਆਉਣ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਸਰਕਾਰ ਖਿਡਾਰੀਆਂ ਦੀਆਂ ਮੁੱਢਲੀਆਂ ਲੋੜਾਂ ਵੱਲ ਧਿਆਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਟੀਚਾ ਲੋਕਾਂ ਨੂੰ ਖੇਡਾਂ, ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਸਹੂਲਤਾਂ ਪ੍ਰਦਾਨ ਕਰਨਾ ਹੈ। ਇਸ ਮੌਕੇ ਉਨ੍ਹਾਂ ਪਿੰਡ ਦੀ ਧਰਮਸ਼ਾਲਾ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਬੀ.ਡੀ.ਪੀ.ਓ ਧਨਵੰਤ ਸਿੰਘ ਰੰਧਾਵਾ, ਸਰਪੰਚ ਗੁਰਚਰਨ ਸਿੰਘ, ਜਸਕਰਨ ਸਿੰਘ, ਹਨੀ ਗਿੱਲ, ਸੰਦੀਪ ਸਿੰਘ, ਸੰਤੋਖ ਸਿੰਘ ਤੋਖੀ, ਅਮਰਪ੍ਰੀਤ ਸਿੰਘ ਖਾਲਸਾ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।