- ਕੈਬਨਿਟ ਮੰਤਰੀ ਨੇ ਪਿੰਡ ਨਿਊ ਕਲੋਨੀ ਚੌਹਾਲ, ਚੌਹਾਲ ਤੇ ਮੁਹੱਲਾ ਰਾਮਗੜ੍ਹ ਚੌਹਾਲ ’ਚ 32 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਕਰਵਾਏ ਸ਼ੁਰੂ
ਹੁਸ਼ਿਆਰਪੁਰ, 1 ਜੂਨ : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਇਸ ਕੜੀ ਤਹਿਤ ਜਿਥੇ ਪਿੰਡਾਂ ਅਤੇ ਸ਼ਹਿਰਾਂ ਵਿਚ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਅਤੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸਕੂਲ ਆਫ਼ ਐਮੀਨੈਂਸ ਦੀ ਸ਼ੁਰੂਆਤ ਕੀਤੀ ਗਈ। ਉਹ ਪਿੰਡ ਨਿਊ ਕਲੋਨੀ ਚੌਹਾਲ, ਚੌਹਾਲ ਅਤੇ ਰਾਮਗੜ੍ਹ ਚੌਹਾਲ ਵਿਖੇ 32.03 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਵਾਉਣ ਦੌਰਾਨ ਪਿੰਡ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਪਿੰਡ ਨਿਊ ਕਲੋਨੀ ਚੌਹਾਲ ਵਿਖੇ 11.38 ਲੱਖ ਰੁਪਏ, ਪਿੰਡ ਚੌਹਾਲ ਲਈ 5.20 ਲੱਖ ਰੁਪਏ ਅਤੇ ਮੁਹੱਲਾ ਰਾਮਗੜ੍ਹ ਚੌਹਾਲ ਲਈ 15.45 ਲੱਖ ਰੁਪਏ ਪੀਣ ਵਾਲੇ ਪਾਣੀ, ਗਲੀਆਂ-ਨਾਲੀਆਂ, ਗੰਦੇ ਪਾਣੀ ਦੀ ਨਿਕਾਸੀ ’ਤੇ ਖਰਚ ਕੀਤੇ ਜਾਣਗੇ। ਉਨ੍ਹਾਂ ਇਸ ਦੌਰਾਨ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਨ੍ਹਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕਰਵਾ ਰਹੀ ਹੈ, ਜਿਸ ਤਹਿਤ ਜ਼ਿਲ੍ਹੇ ਵਿਚ ਸਮੇਂ-ਸਮੇਂ ਸਿਰ ‘ਸਰਕਾਰ ਤੁਹਾਡੇ ਦੁਆਰ’ ਤਹਿਤ ਸ਼ਿਕਾਇਤ ਨਿਵਾਰਨ ਕੈਂਪ ਲਗਾਏ ਜਾ ਰਹੇ ਹਨ। ਇਸ ਮੌਕੇ ਦਿ ਹੁਸ਼ਿਆਰਪੁਰ ਸੈਂਟਰਲ ਕੋਆਪਰੇਟਿਵ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ, ਬੀ.ਡੀ.ਪੀ.ਓ. ਸੁਖਵਿੰਦਰ ਸਿੰਘ, ਸਰਪੰਚ ਨਿਊ ਕਲੋਨੀ ਚੌਹਾਲ ਬਲਵਿੰਦਰ ਸਿੰਘ ਭੱਟੀ, ਸਰਪੰਚ ਚੌਹਾਲ ਜਸਵੰਤ ਸਿੰਘ, ਸਰਪੰਚ ਮੁਹੱਲਾ ਰਾਮਗੜ੍ਹ ਚੌਹਾਲ ਬੀਨਾ ਰਾਣੀ,, ਗੁਰਮੀਤ ਰਾਮ, ਸਤੀਸ਼ ਕੁਮਾਰ, ਬਲਵਿੰਦਰ ਕੁਮਾਰ, ਐਡਵੋਕੇਟ ਅਮਰਜੋਤ ਸੈਣੀ, ਅਸ਼ੋਕ ਪਹਿਲਵਾਨ, ਰਾਜਨ ਸੈਣੀ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।