- ਸਾਬਕਾ ਵਿਧਾਇਕ ਬਲਵੰਤ ਸਿੰਘ ਸਰਹਾਲ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ
- ਡਿਪਟੀ ਸਪੀਕਰ ਜੈ ਸਿੰਘ ਰੌੜੀ ਨੇ ਸਾਬਕਾ ਵਿਧਾਇਕ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਯਾਦ ਕੀਤਾ
ਬੰਗਾ, 26 ਅਪ੍ਰੈਲ : ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਬਾਗ਼ਬਾਨੀ, ਸੁਤੰਤਰਤਾ ਸੰਗਰਾਮੀਆਂ ਤੇ ਰਖਿਆ ਭਲਾਈ ਸੇਵਾਵਾਂ ਬਾਰੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਪੰਜਾਬ ਨੂੰ ਇੱਕ ਅਗਾਂਹਵਧੂ ਅਤੇ ਖੁਸ਼ਹਾਲ ਸੂਬੇ ਵਿੱਚ ਬਦਲਣ ਦੀ ਵਚਨਬੱਧਤਾ ਨੂੰ ਦੁਹਰਾਇਆ। ਬੰਗਾ ਦੇ ਸਾਬਕਾ ਵਿਧਾਇਕ (1985) ਬਲਵੰਤ ਸਿੰਘ ਸਰਹਾਲ, ਜਿਨ੍ਹਾਂ ਦੀ 26 ਅਪਰੈਲ 1992 ਨੂੰ ਅਤਿਵਾਦੀਆਂ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ, ਨੂੰ ਬੰਗਾ ਨੇੜੇ ਪਿੰਡ ਸਰਹਾਲ ਕਾਜ਼ੀਆਂ ਵਿਖੇ ਉਨ੍ਹਾਂ ਦੀ 31 ਬਰਸੀ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ, ਉਨ੍ਹਾਂ ਦੀ ਯਾਦ ਵਿੱਚ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ, ਸੂਚਨਾ ਤੇ ਲੋਕ ਸੰਪਰਕ ਮੰਤਰੀ ਨੇ ਕਿਹਾ ਕਿ ਸਵਰਗੀ ਸਰਹਾਲ ਵਰਗੀਆਂ ਸ਼ਖ਼ਸੀਅਤਾਂ ਨੂੰ ਸਰੀਰਕ ਤੌਰ ’ਤੇ ਭਾਵੇਂ ਮਿਟਾ ਦਿੱਤਾ ਗਿਆ ਹੋਵੇ ਪਰ ਸਮਾਜ ਵਿੱਚੋਂ ਅਤੇ ਲੋਕਾਂ ਦੇ ਮਨਾਂ ਵਿੱਚੋਂ ਨਹੀਂ ਕੱਢਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਸਾਬਕਾ ਵਿਧਾਇਕ ਬਲਵੰਤ ਸਿੰਘ ਸਰਹਾਲ ਵੱਲੋਂ ਪਾਈਆਂ ਪੈੜਾਂ 'ਤੇ ਚੱਲਦਿਆਂ ਹੀ ਉਨ੍ਹਾਂ ਦੇ ਪੁੱਤਰ ਕੁਲਜੀਤ ਸਿੰਘ ਸਰਹਾਲ ਨੇ ਰਾਜਨੀਤੀ 'ਚ ਸ਼ਾਮਲ ਹੋ ਕੇ ਸਮਾਜ ਸੇਵਾ ਨੂੰ ਅੱਗੇ ਵਧਾਇਆ ਹੈ। ਉਨ੍ਹਾਂ ਧਰਤੀ ਦੇ ਇਸ ਮਹਾਨ ਪੁੱਤਰ ਦੀ ਲੰਮੇ ਸਮੇਂ ਤੋਂ ਬਰਸੀ ਮਨਾ ਕੇ, ਪਰਿਵਾਰ ਵੱਲੋਂ ਉਨ੍ਹਾਂ ਦੀ ਯਾਦ ਨੂੰ ਸਦੀਵੀ ਰੱਖਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਵਿੱਛੜੇ ਪਿਆਰੇ ਪਰਿਵਾਰਕ ਮੈਂਬਰਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਯਾਦ ਕਰੀਏ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਨ੍ਹਾਂ ਆਗੂਆਂ ਦੀ ਮਹਾਨ ਵਿਰਾਸਤ ਨੂੰ ਸਦਾ ਕਾਇਮ ਰੱਖਣ ਲਈ ਵਚਨਬੱਧ ਹੈ, ਜਿਨ੍ਹਾਂ ਨੇ ਜਨਤਾ ਦੀ ਨਿਰਸਵਾਰਥ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਆਗੂ ਨੌਜਵਾਨ ਪੀੜ੍ਹੀ ਨੂੰ ਹਮੇਸ਼ਾ ਨਿਰਸਵਾਰਥ ਹੋ ਕੇ ਸਮਾਜ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦੇ ਰਹਿਣਗੇ। ਲੋਕ ਸੰਪਰਕ ਮੰਤਰੀ ਜੌੜਾਮਾਜਰਾ ਨੇ ਕਿਹਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਲੋਕ ਪੱਖੀ ਨੀਤੀਆਂ ਨੂੰ ਅਮਲੀ ਰੂਪ ਦੇ ਕੇ ਲਾਗੂ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਸੂਬਾ ਹਰ ਖੇਤਰ ਵਿੱਚ ਦੇਸ਼ ਦੀ ਅਗਵਾਈ ਕਰੇਗਾ। ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਸਵਰਗੀ ਬਲਵੰਤ ਸਿੰਘ ਸਰਹਾਲ ਦੀ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਿਆਂ ਕਿਹਾ ਕਿ ਉਹ ਸਿਧਾਂਤਾਂ ਦੇ ਧਾਰਨੀ ਵਿਅਕਤੀ ਸਨ, ਜਿਨ੍ਹਾਂ ਨੇ ਕਦੇ ਵੀ ਅਸੂਲਾਂ ਅਤੇ ਕਦਰਾਂ-ਕੀਮਤਾਂ ਨਾਲ ਸਮਝੌਤਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਸਮਾਜ ਸੇਵੀ ਸੇਵਾਵਾਂ ਨੂੰ ਲੰਮੇ ਸਮੇਂ ਤੱਕ ਯਾਦ ਕੀਤਾ ਜਾਵੇਗਾ। ਬਾਅਦ ਵਿੱਚ ਡਿਪਟੀ ਸਪੀਕਰ ਨੇ ਪਿੰਡ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਵੀ ਕੀਤਾ। ਲੋਕ ਸੰਪਰਕ ਮੰਤਰੀ ਜੌੜਾਮਾਜਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਪਹਿਲੇ ਸਾਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਲਗਭਗ 500 ਆਮ ਆਦਮੀ ਕਲੀਨਿਕ, 117 ਸਕੂਲ ਆਫ ਐਮੀਨੈਂਸ, ਘਰੇਲੂ ਖਪਤਕਾਰਾਂ ਨੂੰ 600 ਯੂਨਿਟ ਤੱਕ ਮੁਫਤ ਬਿਜਲੀ, ਭਾਰੀ ਮੀਂਹ ਕਾਰਨ ਫਸਲਾਂ ਦੇ ਨੁਕਸਾਨ ਦਾ ਝੱਲਣ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਅਤੇ ਹੋਰ ਲੋਕ ਪੱਖੀ ਨੀਤੀਆਂ, ਜਿਨ੍ਹਾਂ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਲੜਾਈ, ਨਸ਼ੀਲੇ ਪਦਾਰਥਾਂ ਅਤੇ ਤਸਕਰਾਂ ਵਿਰੁੱਧ ਲੜਾਈ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਸੁਧਾਰਨਾ ਪ੍ਰਮੁੱਖ ਪ੍ਰਾਪਤੀਆਂ ਹਨ। ਬਲਾਚੌਰ ਦੇ ਵਿਧਾਇਕ ਸੰਤੋਸ਼ ਕਟਾਰੀਆ, 'ਆਪ' ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਨਾਮ ਜਲਾਲਪੁਰ, ਨਵਾਂਸ਼ਹਿਰ ਤੋਂ 'ਆਪ' ਆਗੂ ਲਲਿਤ ਮੋਹਨ ਪਾਠਕ, ਬਲਬੀਰ ਸਿੰਘ , ਸਮੇਤ ਵੱਡੀ ਗਿਣਤੀ 'ਚ ਇਲਾਕੇ ਦੇ ਲੋਕਾਂ ਨੇ ਸਾਬਕਾ ਵਿਧਾਇਕ ਬਲਵੰਤ ਸਿੰਘ ਸਰਹਾਲ ਨੂੰ ਸ਼ਰਧਾਂਜਲੀ ਭੇਟ ਕੀਤੀ |