ਹੁਸਿ਼ਆਰਪੁਰ, 27 ਮਈ : ਟਾਂਡਾ ਚ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਚ 1 ਵਿਅਕਤੀ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ, ਜਦਕਿ 8 ਹੋਰ ਵਿਅਕਤੀ ਇਸ ਹਾਦਸੇ ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਟਾਂਡਾ ਦੇ ਸਰਕਾਰੀ ਹਸਪਤਾਲ 'ਚ ਲਿਆਂਦਾ ਗਿਆ। ਇਹ ਹਾਦਸਾ ਪਠਾਨਕੋਟ ਹਾਈਵੇ ‘ਤੇ ਦਾਰਾਪੁਰ ਬਾਈਪਾਸ ਨੇੜੇ ਵਾਪਰਿਆ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਪੁਲਿਸ ਦੇ ਇੰਸਪੈਕਟਰ ਰਵਿੰਦਰ ਸਿੰਘ ਪੁੱਤਰ ਦਿਲਾਵਰ ਸਿੰਘ ਸੰਗਮ ਵਿਹਾਰ ਮੇਰਠ ਆਪਣੇ ਪਰਿਵਾਰ ਸਮੇਤ ਟਾਟਾ ਗੱਡੀ ਨੰਬਰ ਯੂਪੀ-15 ਡੀ ਐਕਸ-9538 ਵਿੱਚ ਮਾਤਾ ਵੈਸ਼ਨੂੰ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਸਨ। ਇੰਸਪੈਕਟਰ ਰਵਿੰਦਰ ਦਾ ਪੁੱਤਰ ਵਿਵੇਕ ਗੱਡੀ ਚਲਾ ਰਿਹਾ ਸੀ। ਜਿਵੇਂ ਹੀ ਕਾਰ ਟਾਂਡਾ ਦੇ ਦਾਰਾਪੁਰ ਬਾਈਪਾਸ ਨੇੜੇ ਪੁੱਜੀ ਤਾਂ ਹਾਈਵੇਅ ਦੇ ਡਿਵਾਈਡਰ ਨਾਲ ਟਕਰਾ ਗਈ। ਇਸ ਤੋਂ ਬਾਅਦ ਕਾਰ ਰੁਕਣ ਦੀ ਬਜਾਏ ਦੂਜੀ ਲੇਨ ‘ਤੇ ਚਲੀ ਗਈ। ਉਥੇ ਸਾਹਮਣੇ ਤੋਂ ਆ ਰਹੀ ਕਾਰ ਨੰਬਰ ਪੀਬੀ-07ਬੀਟੀ-07-0040 ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਸਤਨਾਮ ਸਿੰਘ ਵਾਸੀ ਪੁਰਹੀਰਾ ਜੋ ਕਿ ਨੰਬਰ ਪੀਬੀ-07ਬੀਟੀ-07-0040 ਗੱਡੀ ਚਲਾ ਰਿਹਾ ਸੀ, ਦੀ ਮੌਕੇ ’ਤੇ ਹੀ ਮੌਤ ਹੋ ਗਈ। ਸਤਨਾਮ ਪਿੰਡ ਮੂਨਕਾ ਵਿਖੇ ਸਾਮਾਨ ਛੱਡ ਕੇ ਵਾਪਸ ਹੁਸ਼ਿਆਰਪੁਰ ਆ ਰਿਹਾ ਸੀ। ਰਸਤੇ ‘ਚ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸਾ ਸ਼ਾਮ ਕਰੀਬ 4 ਵਜੇ ਵਾਪਰਿਆ। ਸਤਨਾਮ ਦੇ ਨਾਲ ਕਾਰ ਵਿੱਚ ਸਵਾਰ ਸੰਦੀਪ ਪੁੱਤਰ ਗੁਰਦੇਵ ਵਾਸੀ ਸਤੌਰ, ਊਨਾ (ਹਿਮਾਚਲ ਪ੍ਰਦੇਸ਼) ਵਾਸੀ ਚੇਤਨ ਅਤੇ ਮੋਟਰਸਾਈਕਲ ਸਵਾਰ ਵਾਸੀ ਬੂਰੇ ਜੱਟਾਂ ਜ਼ਖ਼ਮੀ ਹੋ ਗਏ। ਜਦਕਿ ਉੱਤਰ ਪ੍ਰਦੇਸ਼ ਨੰਬਰ ਦੀ ਗੱਡੀ ‘ਚ ਸਵਾਰ ਇੰਸਪੈਕਟਰ ਰਵਿੰਦਰ, ਉਸ ਦਾ ਪੁੱਤਰ ਵਿਵੇਕ, ਪਤਨੀ ਪਵਿੱਤਰਾ, ਬੇਟੀ ਵੰਦਨਾ ਉਰਫ਼ ਸੋਨੀ ਅਤੇ ਨੂੰਹ ਆਂਚਲ ਗੰਭੀਰ ਜ਼ਖ਼ਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਪਹਿਲਾਂ ਸਿਵਲ ਹਸਪਤਾਲ ਟਾਂਡਾ ਲਿਜਾਇਆ ਗਿਆ, ਜਿੱਥੇ ਰਵਿੰਦਰ, ਵਿਵੇਕ, ਪਵਿੱਤਰ, ਵੰਦਨਾ ਅਤੇ ਆਂਚਲ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ।