ਸੁਲਤਾਨਪੁਰ ਲੋਧੀ, 26 ਮਈ : ਚੰਡੀਗੜ੍ਹ ਵਿਖੇ ਮਿਡ ਡੇ ਮੀਲ ਵਰਕਰਾਂ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਆਗੂਆਂ ਨੂੰ ਮੀਟਿੰਗ ਦਾ ਸਮਾਂ ਦੇ ਕੇ ਨਾ ਆਉਣ ਅਤੇ ਵਰਕਰਾਂ ਨੂੰ ਪੰਜਾਬ ਭਵਨ ਵਿੱਚ ਬੰਦ ਕਰਨ ਦੇ ਸਰਕਾਰ ਦੇ ਰਵੱਈਆ ਵਿਰੁੱਧ ਅੱਜ ਸੁਲਤਾਨਪੁਰ ਲੋਧੀ ਵਿਖੇ ਤਲਵੰਡੀ ਪੁਲ ਚੋਂਕ ਵਿਖੇ ਮਿਡ ਡੇ ਮੀਲ ਵਰਕਰ ਯੂਨੀਅਨ ਵੱਲੋਂ ਸਰਕਾਰ ਅਤੇ ਸਿੱਖਿਆ ਮੰਤਰੀ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪੁਤਲਾ ਫੂਕਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਦਿਉਲ ਸਾਥੀਆਂ ਸਮੇਤ ਵਿਸ਼ੇਸ਼ ਤੌਰ ਤੇ ਹਾਜਰ ਸਨ।ਇਸ ਤੋਂ ਪਹਿਲਾਂ ਧਰਨੇ ਨੂੰ ਸੰਬੋਧਨ ਕਰਦਿਆਂ ਮਿਡ ਡੇ ਮੀਲ ਵਰਕਰ ਯੂਨੀਅਨ ਦੀ ਪ੍ਰਧਾਨ ਮਮਤਾ ਮੋਮੀ ਸੈਦਪੁਰ ਨੇ ਦੱਸਿਆ ਕਿ ਸਿੱਖਿਆ ਮੰਤਰੀ ਵੱਲੋਂ ਯੂਨੀਅਨ ਆਗੂਆਂ ਨੂੰ ਮੀਟਿੰਗ ਦਾ ਸਮਾਂ ਦਿੱਤਾ ਸੀ,ਪਰ ਮੌਕੇ ਤੇ ਆ ਕੇ ਅੜੀਅਲ ਰਵੱਈਆ ਅਪਣਾਉਂਦੇ ਮੀਟਿੰਗ ਕਰਨ ਤੋਂ ਨਾਂਹ ਕਰ ਦਿੱਤੀ। ਆਗੂਆਂ ਵੱਲੋਂ ਵਿਰੋਧ ਕਰਨ ਤੇ ਉਨ੍ਹਾਂ ਨੂੰ ਪੰਜਾਬ ਭਵਨ ਵਿੱਚ ਹੀ ਢੱਕ ਦਿੱਤਾ। ਇਸੇ ਤਰ੍ਹਾਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਪ੍ਰਧਾਨ ਸਾਥੀ ਸਤੀਸ਼ ਰਾਣਾ ਨੂੰ ਤਿੰਨ ਨੰਬਰ ਠਾਣੇ ਵਿੱਚ ਨਜ਼ਰਬੰਦ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਹ ਸਰਕਾਰ ਦੇ ਜਬਰ ਅੱਗੇ ਨਹੀਂ ਝੁਕਣਗੇ।ਇਸ ਮੌਕੇ ਬੋਲਦਿਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਿਲਾ ਪ੍ਰਧਾਨ ਧਰਮਿੰਦਰ ਸਿੰਘ ਦਿਉਲ ਨੇ ਕਿਹਾ ਕਿ ਸਕੂਲਾਂ ਵਿੱਚ ਮਿਡ ਡੇ ਮੀਲ ਵਰਕਰਾਂ ਪਹਿਲਾਂ ਹੀ ਬਹੁਤ ਘੱਟ ਤਨਖਾਹਾਂ ਤੇ ਕੰਮ ਕਰ ਰਹੀਆਂ ਹਨ, ਉੱਤੋਂ ਸਰਕਾਰ ਵੱਲੋਂ ਉਨ੍ਹਾਂ ਨਾਲ਼ ਮਜ਼ਾਕ ਕੀਤਾ ਜਾ ਰਿਹਾ। ਉਨ੍ਹਾਂ ਨੇ ਕਿਹਾ ਸਮਾਂ ਦੇ ਕੇ ਮੀਟਿੰਗ ਵਿੱਚ ਨਾ ਆਉਣਾ ਬਹੁਤ ਮੰਦਭਾਗਾ ਹੈ। ਇਸ ਮੌਕੇ ਇਕੱਤਰ ਹੋਈਆਂ ਵਰਕਰਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਮਿਡ ਡੇ ਮੀਲ ਵਰਕਰਾਂ ਨੂੰ ਘੱਟੋ ਘੱਟ ਉਜਰਤਾਂ ਦੇ ਘੇਰੇ ਵਿੱਚ ਲਿਆਂਦਾ ਜਾਵੇ। ਵਰਕਰਾਂ ਦੀ ਤਨਖਾਹ ਘੱਟੋ ਘੱਟ 20000 ਰੁਪਏ ਕੀਤੀ ਜਾਵੇ।ਹਰ ਵਰਕਰ ਦਾ 10 ਲੱਖ ਦਾ ਬੀਮਾ ਅਤੇ ਸਾਲ ਵਿੱਚ ਦੋ ਵਰਦੀਆਂ ਦਿੱਤੀਆਂ ਜਾਣ।ਇਸ ਦੇ ਨਾਲ ਦੂਜੇ ਮੁਲਾਜ਼ਮਾਂ ਵਾਂਗ ਛੁੱਟੀ ਅਤੇ ਸੀ.ਪੀ.ਐਫ ਦੇ ਖਾਤੇ ਖੋਲ੍ਹੇ ਜਾਣ।।ਇਸ ਮੌਕੇ ਯੂਨੀਅਨ ਆਗੂਆਂ ਨੇ ਐਲਾਨ ਕੀਤਾ ਕਿ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਜ਼ਲਦ ਹੱਲ ਨਾ ਕੀਤਾ ਤਾਂ ਪੰਜਾਬ ਅੰਦਰ ਸਾਰੇ ਮੰਤਰੀਆਂ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਮਨਜੀਤ ਮਨਜੀਤ ਕੌਰ , ਸੁਖਚੈਨ ਕੌਰ ,ਜਸਵੀਰ ਕੌਰ, ਪਰਮਜੀਤ ਕੌਰ ਆਦਿ ਹਾਜ਼ਰ ਸਨ।