ਜਲੰਧਰ ਪੁਲਿਸ ਨੇ ਹਥਿਆਰ ਲਿਆਉਣ ਵਾਲੇ ਇੱਕ ਗਿਰੋਹ ਦਾ ਕੀਤਾ ਪਰਦਾਫਾਸ਼ , 4 ਪਿਸਤੌਲ, 8 ਜ਼ਿੰਦਾ ਕਾਰਤੂਸ, 8 ਮੈਗਜ਼ੀਨ, 1 ਦੇਸੀ ਪਿਸਤੌਲ, ਦੋ ਮੋਟਰਸਾਈਕਲ ਬਰਾਮਦ

ਜਲੰਧਰ, 29 ਜੂਨ 2024 : ਜਲੰਧਰ ਦੇਹਾਤੀ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਹਥਿਆਰ ਲਿਆਉਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਦੇਹਾਤੀ ਪੁਲਿਸ ਨੇ ਪੰਜ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਜ ਮੁਲਜ਼ਮ ਅਮਰੀਕਾ ਸਥਿਤ ਗੈਂਗਸਟਰ ਸੋਨੂੰ ਖੱਤਰੀ ਅਤੇ ਸੋਰਵ ਗੁੱਜਰ ਗੈਂਗ ਦੇ ਸੰਪਰਕ ਵਿੱਚ ਸਨ। ਉਨ੍ਹਾਂ ਨੇ ਹੁਸ਼ਿਆਰਪੁਰ ਅਤੇ ਆਦਮਪੁਰ ਵਿੱਚ ਆਪਣੇ ਵਿਰੋਧੀ ਗਿਰੋਹ ਦੇ ਕਾਰਕੁਨਾਂ ਨੂੰ ਮਾਰਨਾ ਸੀ। ਹਾਲਾਂਕਿ ਇਸ ਤੋਂ ਪਹਿਲਾਂ ਉਕਤ ਮੁਲਜ਼ਮਾਂ ਨੂੰ ਜਲੰਧਰ ਦੇਹਾਤੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਪੁਲੀਸ ਨੇ ਮੁਲਜ਼ਮਾਂ ਕੋਲੋਂ ਕੁੱਲ ਪੰਜ ਹਥਿਆਰ ਬਰਾਮਦ ਕੀਤੇ ਹਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਸ਼ਿਵ ਦਿਆਲ ਉਰਫ਼ ਬਿੱਲਾ ਵਾਸੀ ਹੁਸ਼ਿਆਰਪੁਰ, ਜਸਵਿੰਦਰ ਸਿੰਘ ਉਰਫ਼ ਕਾਲਾ ਵਾਸੀ ਆਦਮਪੁਰ, ਹਰਜੀਤ ਸਿੰਘ ਉਰਫ਼ ਗੋਰਾ, ਚੰਦਰ ਸ਼ੇਖਰ ਉਰਫ਼ ਪੰਡਤ ਵਾਸੀ ਹੁਸ਼ਿਆਰਪੁਰ ਅਤੇ ਗੁਰਵਿੰਦਰ ਸਿੰਘ ਉਰਫ਼ ਸੁੱਚਾ ਉਰਫ਼ ਗਿੰਦੂ ਵਾਸੀ ਕਪੂਰਥਲਾ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਥਿਆਰਾਂ ਦਾ ਆਰਡਰ ਅਮਰੀਕਾ ਵਿੱਚ ਬੈਠੇ ਇੱਕ ਗੈਂਗਸਟਰ ਨੇ ਦਿੱਤਾ ਸੀ। ਮੁਲਜ਼ਮ ਖੁਦ ਮੱਧ ਪ੍ਰਦੇਸ਼ ਤੋਂ ਹਥਿਆਰ ਲੈ ਕੇ ਆਏ ਸਨ। ਪੁਲਿਸ ਨੇ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਮਗਰੋਂ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਫਿਲੌਰ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਫਿਲੌਰ ਨੇੜਿਓਂ ਉਪਰੋਕਤ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮ ਖ਼ਿਲਾਫ਼ ਥਾਣਾ ਫਿਲੌਰ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਦੱਸ ਦੇਈਏ ਕਿ ਪੁਲਿਸ ਨੇ ਮੱਧ ਪ੍ਰਦੇਸ਼ ਦੇ ਹਥਿਆਰ ਸਪਲਾਈ ਕਰਨ ਵਾਲਿਆਂ ਦੇ ਸਬੰਧਾਂ 'ਤੇ ਜਾਂਚ ਸ਼ੁਰੂ ਕਰ ਦਿਤੀ ਹੈ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਕਤ ਮੁਲਜ਼ਮਾਂ ਨੇ ਸਿਰਫ਼ ਹਥਿਆਰਾਂ ਦੀ ਡਲਿਵਰੀ ਲਈ ਸੀ, ਉਕਤ ਹਥਿਆਰਾਂ ਦੇ ਪੈਸੇ ਵੀ ਵਿਦੇਸ਼ ਤੋਂ ਸਿੱਧੇ ਸਪਲਾਇਰ ਨੂੰ ਭੇਜੇ ਸਨ। ਪੁਲਿਸ ਨੇ ਮੁਲਜ਼ਮਾਂ ਕੋਲੋਂ 4 ਪਿਸਤੌਲ, 8 ਜ਼ਿੰਦਾ ਕਾਰਤੂਸ, 8 ਮੈਗਜ਼ੀਨ, ਇੱਕ ਦੇਸੀ ਪਿਸਤੌਲ, ਇੱਕ ਜ਼ਿੰਦਾ ਕਾਰਤੂਸ ਅਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ। ਇਹ ਸਾਰੀਆਂ ਵਸਤੂਆਂ ਮੁਲਜ਼ਮਾਂ ਵੱਲੋਂ ਜੁਰਮ ਵਿਚ ਵਰਤਣੀਆਂ ਸਨ। ਕਾਲਾ ਅਤੇ ਗੋਰਾ ਖਿਲਾਫ ਪਹਿਲਾਂ ਵੀ ਲੁੱਟ-ਖੋਹ ਦਾ ਇਕ ਮਾਮਲਾ ਦਰਜ ਹੈ।