- ਗਤਕਾ ਟੀਮ ਨੇ ਰਾਸ਼ਟਰਪਤੀ ਭਵਨ ਅਤੇ ਪ੍ਰਧਾਨ ਮੰਤਰੀ ਮਿਊਜ਼ੀਅਮ ਦਾ ਕੀਤਾ ਦੌਰਾ
ਜਲੰਧਰ 27 ਦਸੰਬਰ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਬੀਤੇ ਦਿਨੀਂ ਭਾਰਤ ਮੰਡਪਮ ਵਿਖੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਹਾਜ਼ਰੀ ਵਿੱਚ ਵੀਰ ਬਾਲ ਦਿਵਸ ਵਜੋਂ ਮਨਾਇਆ ਗਿਆ। ਇਸ ਦੌਰਾਨ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਜਿੱਥੇ ਬਹਾਦਰ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਉੱਥੇ ਸਿੱਖ ਇਤਿਹਾਸ ਨਾਲ ਜੁੜੀਆਂ ਕਈ ਗਤੀਵਿਧੀਆਂ ਵੀ ਕੀਤੀਆਂ ਗਈਆਂ। ਸਮਾਗਮ ਦੌਰਾਨ ਪੰਜਾਬ ਦੇ ਬੱਚਿਆਂ ਵੱਲੋਂ ਖੇਡਿਆ ਗਿਆ ਗਤਕਾ ਵਿਸ਼ੇਸ਼ ਤੌਰ ‘ਤੇ ਖਿੱਚ ਦਾ ਕੇਂਦਰ ਰਿਹਾ। ਸਮਾਗਮ ਵਿੱਚ ਖੇਡੇ ਗਏ ਗਤਕੇ ਦੇ ਜਥੇ ਦੀ ਅਗਵਾਈ ਗੁਰਦਾਸਪੁਰ ਦੇ ਸ. ਦਮਨਜੀਤ ਸਿੰਘ ਵੱਲੋਂ ਕੀਤੀ ਗਈ ਸੀ। ਇਸ ਗਤਕੇ ਗਰੁੱਪ ਵਿੱਚ ਰਾਜੇਸ਼, ਪ੍ਰਦੀਪ ਸਿੰਘ, ਗੁਰਜੀਤ ਸਿੰਘ, ਅਮਨਪ੍ਰੀਤ ਸਿੰਘ, ਸਖਮਨਜੀਤ ਸਿੰਘ, ਲਕਸ਼ਦੀਪ ਸਿੰਘ, ਕਰਨਦੀਪ ਸਿੰਘ, ਹਰਮਿਲਾਪ ਸਿੰਘ, ਅਰਮਾਨਦੀਪ ਸਿੰਘ, ਗੁਰਮਨਪ੍ਰੀਤ ਸਿੰਘ, ਕਰਮਨਪ੍ਰੀਤ ਸਿੰਘ, ਜਸਦੀਪ ਸਿੰਘ ਸੇਵਕ, ਅਕਾਸ਼ਪ੍ਰੀਤ ਸਿੰਘ, ਵਰਿੰਦਰਦੀਪ ਸਿੰਘ ਅਤੇ ਗੁਰਸ਼ਰਨ ਸਿੰਘ ਸ਼ਾਮਿਲ ਸਨ। ਇਸ ਗਤਕਾ ਟੀਮ ਵੱਲੋਂ ਦਿੱਲੀ ਵਿਖੇ ਰਾਸ਼ਟਰਪਤੀ ਭਵਨ ਅਤੇ ਪ੍ਰਧਾਨ ਮੰਤਰੀ ਮਿਊਜ਼ੀਅਮ ਦਾ ਦੌਰਾ ਵੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਗਤਕਾ ਯੁੱਧ ਕਲਾ ਦੀ ਸਿੱਖਿਆ ਦੇਣ ਵਾਲੀ ਇੱਕ ਖੇਡ ਹੈ। ਗਤਕਾ ਖੇਡ ਦੇ ਨਾਲ-ਨਾਲ ਸਿੱਖ ਕੌਮ ਲਈ ਸਭਿਆਚਾਰਕ ਅਤੇ ਅਧਿਆਤਮਿਕ ਮਹੱਤਵ ਵੀ ਰੱਖਦਾ ਹੈ। ਇਹ ਸਿੱਖਾਂ ਦੀਆਂ ਮਾਰਸ਼ਲ ਪਰੰਪਰਾਵਾਂ, ਬਹਾਦਰੀ, ਸਵੈ-ਰੱਖਿਆ, ਹਿੰਮਤ ਅਤੇ ਅਨੁਸ਼ਾਸਨ ਦਾ ਵੀ ਪ੍ਰਤੀਕ ਹੈ।ਵੀਰ ਬਾਲ ਦਿਵਸ ਮੌਕੇ ਪੰਜਾਬ ਦੇ ਬੱਚਿਆਂ ਵੱਲੋਂ ਦਿੱਲੀ ਵਿਖੇ ਖੇਡਿਆ ਗਤਕਾ ਇਸ ਗਤਕਾ ਖੇਡ ਨੂੰ ਹੋਰ ਵੀ ਉਚਾਈਆਂ ਤੱਕ ਲੈ ਕੇ ਜਾਵੇਗਾ।