ਜਲੰਧਰ, 10 ਮਈ : ਆਮ ਆਦਮੀ ਪਾਰਟੀ ਦੇ ਦੂਜੇ ਹਲਕੇ ਦੇ ਵਿਧਾਇਕਾਂ ਦੀ ਜਲੰਧਰ ਵਿੱਚ ਮੌਜੂਦਗੀ ਦੀ ਨਿੰਦਾ ਕਰਦੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੁੱਧਵਾਰ ਨੂੰ ਜਲੰਧਰ ਵਿੱਚ ਬੂਥਾਂ ਨੇੜੇ ਦੇਖੇ ਗਏ ‘ਆਪ’ ਆਗੂਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ। ਕਾਂਗਰਸ ਸੂਬਾ ਪ੍ਰਧਾਨ ਨੇ ਕਿਹਾ ਕਿ 'ਆਪ' ਭਾਰਤ ਦੇ ਚੋਣ ਕਮਿਸ਼ਨ (ਈਸੀਆਈ) ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰ ਰਹੀ ਹੈ, ਜੋ ਕਿ ਦੂਜੇ ਹਲਕਿਆਂ ਦੇ ਨੇਤਾਵਾਂ ਨੂੰ ਚੋਣ ਹਲਕਿਆਂ ਵਿੱਚ ਚੋਣ ਡਿਊਟੀ ਤੋਂ ਰੋਕਦਾ ਹੈ। ਉਨ੍ਹਾਂ ਕਿਹਾ ਕਿ ਸੱਤਾਧਾਰੀ ਪੰਜਾਬ ਸਰਕਾਰ ਨੇ ਜਲੰਧਰ ਉਪ ਚੋਣ ਲਈ ਆਪਣੇ ਆਗੂਆਂ ਅਤੇ ਉਨ੍ਹਾਂ ਦੇ ਗਸ਼ਤ ਕਰਨ ਵਾਲੇ ਵਾਹਨ ਤਾਇਨਾਤ ਕੀਤੇ ਹਨ ਜੋ ਕਿ ਗੈਰ-ਕਾਨੂੰਨੀ ਹਨ। 'ਆਪ' ਲੀਡਰਸ਼ਿਪ 'ਤੇ ਵਰ੍ਹਦਿਆਂ ਵੜਿੰਗ ਨੇ ਕਿਹਾ, ਪਿਛਲੇ ਸਾਲ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 'ਚ ਆਪਣੀ ਹਾਰ ਤੋਂ ਹੈਰਾਨ, ਪਾਰਟੀ ਨੇ ਪਹਿਲਾਂ ਗੰਦੀ ਰਾਜਨੀਤੀ ਦੀ ਕੋਸ਼ਿਸ਼ ਕੀਤੀ, ਫਿਰ ਇਸ ਨੇ ਬਦਲਾਖ਼ੋਰੀ ਦੀ ਰਾਜਨੀਤੀ ਕੀਤੀ ਅਤੇ ਆਖਰਕਾਰ ਸੂਬੇ 'ਚ ਆਪਣੀ ਹੋਂਦ ਬਰਕਰਾਰ ਰੱਖਣ ਲਈ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਦਾ ਸਹਾਰਾ ਲਿਆ। ਜ਼ਿਮਨੀ ਚੋਣ ਦੀ ਤਰੀਕ ਦਾ ਐਲਾਨ ਹੋਣ ਦੇ ਪਹਿਲੇ ਦਿਨ ਤੋਂ ਹੀ 'ਆਪ' ਨੂੰ ਪਤਾ ਸੀ ਕਿ ਲੋਕ ਇਸ ਨੂੰ ਇਸ ਦੇ ਧੋਖੇ, ਝੂਠ ਅਤੇ ਅੱਤਿਆਚਾਰਾਂ ਲਈ ਪੂਰੀ ਤਰ੍ਹਾਂ ਰੱਦ ਕਰ ਦੇਣਗੇ। ਉਨ੍ਹਾਂ ਕਿਹਾ ਕਿ ਸਾਰੇ ਮੋਰਚਿਆਂ 'ਤੇ ਪੂਰੀ ਤਰ੍ਹਾਂ ਨਾਕਾਮ ਰਹਿਣ ਕਾਰਨ 'ਆਪ' ਵੋਟਰਾਂ ਨੂੰ ਇੱਕ ਵਾਰ ਫਿਰ ਗੁੰਮਰਾਹ ਕਰਨ ਦੀ ਵਿਅਰਥ ਕੋਸ਼ਿਸ਼ ਕਰ ਰਹੀ ਹੈ। ਆਮ ਆਦਮੀ ਪਾਰਟੀ ਦੇ ਆਗੂਆਂ 'ਤੇ ਚੁਟਕੀ ਲੈਂਦਿਆਂ ਵੜਿੰਗ ਨੇ ਕਿਹਾ ਕਿ ਇਹ 'ਆਪ' ਲਈ ਸ਼ਰਮ ਦੀ ਗੱਲ ਹੈ ਕਿ ਇਹ ਨਾ ਸਿਰਫ ਜ਼ਿਮਨੀ ਚੋਣ ਲਈ ਉਮੀਦਵਾਰ ਲੱਭਣ 'ਚ ਅਸਫਲ ਰਹੀ ਸਗੋਂ ਪੋਲਿੰਗ ਬੂਥ ਡਿਊਟੀ ਲਈ ਵਲੰਟੀਅਰ ਲੱਭਣ 'ਚ ਵੀ ਬੁਰੀ ਤਰ੍ਹਾਂ ਅਸਫਲ ਰਹੀ ਹੈ। ਸੂਬਾ ਪ੍ਰਧਾਨ ਨੇ ਅੱਗੇ ਕਿਹਾ ਕਿ ਪੀਪੀਸੀ ਨੇ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੌਂਗ, ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਜਸਬੀਰ ਸਿੰਘ ਸੰਧੂ, ਲੁਧਿਆਣਾ (ਪੂਰਬੀ) ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਅਤੇ ਗੁਰਪ੍ਰੀਤ ਗੋਗੀ ਵਿਧਾਇਕ ਲੁਧਿਆਣਾ (ਪੱਛਮੀ), ਜੈਤੋ ਦਾ ਵਿਧਾਇਕ ਅਮੋਲਿਕ ਸਿੰਘ, ਅੰਮ੍ਰਿਤਸਰ ਸੈਂਟਰਲ ਦਾ ਵਿਧਾਇਕ ਅਜੇ ਗੁਪਤਾ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੇ ਬਾਵਜੂਦ ਜਲੰਧਰ ਹਲਕੇ ਉਨ੍ਹਾਂ ਅਥਾਰਟੀ ਨੂੰ ਵੀ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ। ਵੜਿੰਗ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਜਲੰਧਰ ਦੇ ਵੋਟਰ ਅਜਿਹੀ ਭ੍ਰਿਸ਼ਟ ਪਾਰਟੀ ਨੂੰ ਸਬਕ ਸਿਖਾਉਣਗੇ ਜਿਸ ਨੇ ਨਾ ਸਿਰਫ 'ਬਦਲਾਅ' ਦੇ ਨਾਂ 'ਤੇ ਵੋਟਰਾਂ ਨੂੰ ਮੂਰਖ ਬਣਾਇਆ ਸਗੋਂ ਵਿਰੋਧੀ ਧਿਰ ਨੂੰ ਦਬਾਇਆ, ਜਨਤਾ ਦਾ ਪੈਸਾ ਬਰਬਾਦ ਕੀਤਾ ਅਤੇ ਸਰਕਾਰੀ ਮਸ਼ੀਨਰੀ ਨੂੰ ਆਪਣੇ ਫਾਇਦੇ ਲਈ ਵਰਤਿਆ।