- “ਸਰਕਾਰ ਤੁਹਾਡੇ ਦੁਆਰ”ਪ੍ਰੋਗਰਾਮ ਤਹਿਤ ਅਧਿਕਾਰੀਆਂ ਨੂੰ ਵੱਧ ਤੋਂ ਵੱਧ ਫੀਲਡ ਦੌਰੇ ਕਰਨ ਲਈ ਕਿਹਾ
ਕਪੂਰਥਲਾ, 25 ਮਈ : ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਕਰਨੈਲ ਸਿੰਘ ਨੇ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਜ਼ਿਲ੍ਹੇ ਵਿਚ ਲੋਕ ਭਲਾਈ ਵਾਲੀਆਂ ਯੋਜਨਾਵਾਂ ਨੂੰ ਇੰਨ-ਬਿੰਨ ਲਾਗੂ ਕਰਨ ਅਤੇ ਭਵਿੱਖੀ ਲੋੜਾਂ ਮੁਤਾਬਿਕ ਵਿਕਾਸ ਕੰਮਾਂ ਸਬੰਧੀ ਵਿਆਪਕ ਯੋਜਨਾਬੰਦੀ ਕਰਨ। ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਐਸ.ਐਸ.ਪੀ ਕਪੂਰਥਲਾ ਸ੍ਰੀ ਰਾਜਪਾਲ ਸਿੰਘ ਸੰਧੂ ਸਮੇਤ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹਰੇਕ ਵਿਭਾਗ ਆਪਣੇ ਮਹੀਨਾ ਵਾਰ ਟੀਚੇ ਮਿੱਥ ਕੇ ਉਨ੍ਹਾਂ ਦੀ ਪ੍ਰਾਪਤੀ ਲਈ ਪੂਰੀ ਤਨਦੇਹੀ ਅਤੇ ਸਮਪਰਣ ਭਾਵਨਾ ਨਾਲ ਕੰਮ ਕਰੇ ਤਾਂ ਜੋ ਆਮ ਲੋਕਾਂ ਨੂੰ ਸਿੱਧਾ ਲਾਭ ਪੁੱਜਦਾ ਕੀਤਾ ਜਾ ਸਕੇ। ਉਨ੍ਹਾਂ ਪੰਜਾਬ ਸਰਕਾਰ ਦੇ ਪਹਿਲ ਵਾਲੇ ਖੇਤਰਾਂ ਜਿਵੇਂ ਸਿੱਖਿਆ,ਸਿਹਤ,ਜਲ ਸਪਲਾਈ ਤੇ ਸੈਨੀਟੇਸ਼ਨ,ਖੇਤੀਬਾੜੀ,ਲੋਕ ਨਿਰਮਾਣ ਵਿਭਾਗਾਂ ਨੂੰ ਵਿਸ਼ੇਸ਼ ਤੌਰ ’ਤੇ ਲੋਕ ਹਿੱਤਾਂ ਦੇ ਸਨਮੁੱਖ ਫੈਸਲੇ ਲੈਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਦਫਤਰੀ ਕੰਮ-ਕਾਜ ਵਿਚ ਕਿਸੇ ਕਿਸਮ ਦੀ ਬੇਲੋੜੀ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸਾਰੇ ਵਿਭਾਗ ਸਮੇਂ ਸਿਰ ਕੰਮ ਦਾ ਨਿਪਟਾਰਾ ਯਕੀਨੀ ਬਣਾਉਣ। ਉਨ੍ਹਾਂ ਇਹ ਵੀ ਕਿਹਾ ਕਿ ਵਿਭਾਗਾਂ ਦੇ ਮੁਖੀ ਵੱਧ ਤੋਂ ਵੱਧ ਫੀਲਡ ਦੇ ਦੌਰੇ ਕਰਨ ਤਾਂ ਜੋ ਪੰਜਾਬ ਸਰਕਾਰ ਦੇ ਨਿਵੇਕਲੇ ਪ੍ਰੋਗਰਾਮ “ਸਰਕਾਰ ਤੁਹਾਡੇ ਦੁਆਰ”ਤਹਿਤ ਲੋਕਾਂ ਦੀਆਂ ਸਮੱਸਿਆਵਾਂ ਦਾ ਉਨ੍ਹਾਂ ਦੇ ਕੋਲ ਜਾ ਕੇ ਤੁਰੰਤ ਹੱਲ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਦਫਤਰੀ ਕੰਮ-ਕਾਜ ਲਈ ਆਉਣ ਵਾਲੇ ਲੋਕਾਂ ਅਤੇ ਵਿਸ਼ੇਸ਼ ਕਰਕੇ ਔਰਤਾਂ ਅਤੇ ਬਜ਼ੁਰਗਾਂ ਦੇ ਮਸਲੇ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣ। ਡਿਪਟੀ ਕਮਿਸ਼ਨਰ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ,ਜੰਗਲਾਤ ਨੂੰ ਕਿਹਾ ਕਿ ਸਰਕਾਰੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਵਿਚ ਤੇਜ਼ੀ ਲਿਆਂਦੀ ਜਾਵੇ। ਇਸ ਮੌਕੇ ਐਸ.ਐਸ.ਪੀ ਕਪੂਰਥਲਾ ਸ੍ਰੀ ਰਾਜਪਾਲ ਸਿੰਘ ਸੰਧੂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵਲੋਂ ਸਿਵਲ ਪ੍ਰਸ਼ਾਸਨ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਵਿਭਾਗੀ ਮੁਖੀਆਂ ਨੂੰ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਨੂੰ ਵਿਕਾਸ ਕੰਮਾਂ ਅਤੇ ਲੋਕ ਭਲਾਈ ਦੀਆਂ ਯੋਜਨਾਵਾਂ ਨੂੰ ਵੀ ਲਾਗੂ ਕਰਨ ਲਈ ਪੂਰਨ ਅਗਵਾਈ ਤੇ ਸਹਿਯੋਗ ਪ੍ਰਦਾਨ ਕਰੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਡਾ.ਨਯਨ ਜੱਸਲ,ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਪਰਮਜੀਤ ਕੌਰ,ਐਸ.ਡੀ.ਐਮ ਕਪੂਰਥਲਾ ਸ੍ਰੀ ਲਾਲ ਵਿਸ਼ਵਾਸ਼ ਬੈਂਸ ਤੇ ਹੋਰ ਹਾਜ਼ਰ ਸਨ।