- ਮੁੱਖ ਮੰਤਰੀ ਪੰਜਾਬ ਦੇ ਨਿਰਦੇਸ਼ਾਂ ’ਤੇ ਤਹਿਸੀਲ ਕੰਪਲੈਕਸ ’ਚ ਖੋਲਿ੍ਹਆ ਗਿਆ ਪਬਲਿਕ ਹੈਲਪ ਸੈਂਟਰ
- ਹੈਲਪ ਸੈਂਟਰ ’ਚ ਆਮ ਜਨਤਾ ਦੇ ਸਕਦੀ ਹੈ ਕਿਸੇ ਵੀ ਦਫ਼ਤਰ ਨਾਲ ਸਬੰਧਤ ਸ਼ਿਕਾਇਤ ਤੇ ਸੁਝਾਅ : ਡਿਪਟੀ ਕਮਿਸ਼ਨਰ
- ਪੁਲਿਸ ਨਾਲ ਸਬੰਧਤ ਸ਼ਿਕਾਇਤ ਅਤੇ ਸੁਝਾਅ ਵੀ ਹੈਲਪ ਡੈਸਕ ’ਤੇ ਕੀਤੇ ਜਾਣਗੇ ਸਵੀਕਾਰ : ਐਸ.ਐਸ.ਪੀ.
- ਹੈਲਪ ਸੈਂਟਰ ਰਾਹੀਂ ਤਹਿਸੀਲ ਕੰਪਲੈਕਸ ’ਚ ਕੰਮ ਕਰਵਾਉਣ ਆਏ ਲੋਕਾਂ ਨੂੰ ਦਿੱਤੀ ਜਾਵੇਗੀ ਹਰੇਕ ਲੋੜੀਂਦੀ ਸਹਾਇਤਾ
- ਪਬਲਿਕ ਹੈਲਪ ਸੈਂਟਰ ’ਚ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦਾ ਇਕ-ਇਕ ਕਰਮਚਾਰੀ ਦਫ਼ਤਰੀ ਸਮੇਂ ਦੌਰਾਨ ਰਹੇਗਾ ਮੌਜੂਦ
- ਐਸ.ਡੀ.ਐਮ ਹੁਸ਼ਿਆਰਪੁਰ ਵਲੋਂ ਹੈਲਪ ਸੈਂਟਰ ਵਿਚ ਆਈਆਂ ਸ਼ਿਕਾਇਤਾਂ, ਸੁਝਾਵਾਂ ਅਤੇ ਕਾਰਜਪ੍ਰਣਾਲੀ ਦੀ ਰੋਜ਼ਾਨਾ ਕੀਤੀ ਜਾਵੇਗੀ ਸਮੀਖਿਆ
ਹੁਸ਼ਿਆਰਪੁਰ, 1 ਜਨਵਰੀ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਐਸ.ਐਸ.ਪੀ ਸੁਰਿੰਦਰ ਲਾਂਬਾ ਵਲੋਂ ਅੱਜ ਤਹਿਸੀਲ ਕੰਪਲੈਕਸ ਹੁਸ਼ਿਆਰਪੁਰ ਵਿਚ ਪਬਲਿਕ ਹੈਲਪ ਸੈਂਟਰ ਦਾ ਉਦਘਾਟਨ ਕਰਕੇ ਇਸ ਨੂੰ ਜਨਤਾ ਨੂੰੇ ਸਮਰਪਿਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੀਤੇ ਦਿਨੀਂ ਜਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਤਹਿਸੀਲ ਕੰਪਲੈਕਸ ਦਾ ਅਚਨਚੇਤ ਦੌਰਾ ਕੀਤਾ ਗਿਆ ਸੀ, ਤਾਂ ਉਨ੍ਹਾਂ ਨੇ ਕੰਪਲੈਕਸ ਵਿਚ ਕੈਂਪ ਦਫ਼ਤਰ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ ਸਨ, ਤਾਂ ਜੋ ਲੋਕਾਂ ਨੂੰ ਇਥੇ ਕੰਮ ਕਰਵਾਉਣ ਦੌਰਾਨ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਨਿਰਦੇਸ਼ਾਂ ’ਤੇ ਅਮਲ ਕਰਦੇ ਹੋਏ ਅੱਜ ਤਹਿਸੀਲ ਕੰਪਲੈਕਸ ਵਿਚ ਪਬਲਿਕ ਹੈਲਪ ਸੈਂਟਰ ਸਥਾਪਿਤ ਕਰ ਦਿੱਤਾ ਗਿਅ ਹੈ, ਜਿਥੇ ਸਿਵਲ ਤੇ ਪੁਲਿਸ ਵਿਭਾਗ ਦਾ ਇਕ-ਇਕ ਕਰਮਚਾਰੀ ਲੋਕਾਂ ਦੀ ਸਹਾਇਤਾ ਲਈ ਦਫ਼ਤਰੀ ਸਮੇਂ ’ਤੇ ਮੌਜੂਦ ਰਹੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਬਲਿਕ ਹੈਲਪ ਸੈਂਟਰ ਵਿਚ ਤਾਇਨਾਤ ਕਰਮਚਾਰੀ ਜਿਥੇ ਤਹਿਸੀਲ ਕੰਪਲੈਕਸ ਵਿਚ ਕੰਮ ਕਰਵਾਉਣ ਆਏ ਲੋਕਾਂ ਦੀ ਸਹਾਇਤਾ ਕਰੇਗਾ, ਉਥੇ ਆਮ ਜਨਤਾ ਦੀ ਸਿਵਲ ਅਤੇ ਪੁਲਿਸ ਵਿਭਾਗ ਨਾਲ ਸਬੰਧਤ ਸਾਰੇ ਵਿਭਾਗਾਂ ਦੀਆਂ ਸ਼ਿਕਾਇਤਾਂ ਅਤੇ ਸੁਝਾਵਾਂ ਨੂੰ ਵੀ ਪ੍ਰਾਪਤ ਕਰੇਗਾ। ਉਨ੍ਹਾਂ ਦੱਸਿਆ ਕਿ ਐਸ.ਡੀ.ਐਮ ਹੁਸ਼ਿਆਰਪੁਰ ਵਲੋਂ ਇਸ ਪਬਲਿਕ ਹੈਲਪ ਸੈਂਟਰ ਦੀ ਰੋਜ਼ਾਨਾ ਸਮੀਖਿਆ ਕੀਤੀ ਜਾਵੇਗੀ, ਤਾਂ ਜੋ ਲੋਕਾਂ ਤੱਕ ਇਸ ਹੈਲਪ ਸੈਂਟਰ ਦਾ ਵੱਧ ਤੋਂ ਵੱਧ ਲਾਭ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਦਾ ਇਹੀ ਯਤਨ ਹੈ ਕਿ ਪੰਜਾਬ ਸਰਕਾਰ ਵਲੋਂ ਦਿੱਤੇ ਗਏ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਐਸ.ਐਸ.ਪੀ ਹੁਸ਼ਿਆਰਪੁਰ ਸੁਰਿੰਦਰ ਲਾਂਬਾ ਨੇ ਕਿਹਾ ਕਿ ਆਮ ਜਨਤਾ ਨੂੰ ਪੁਲਿਸ ਨਾਲ ਸਬੰਧਤ ਹਰੇਕ ਜਾਣਕਾਰੀ ਅਤੇ ਸੇਵਾ ਵੀ ਪਬਲਿਕ ਹੈਲਪ ਸੈਂਟਰ ਰਾਹੀਂ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਐਸ.ਐਸ.ਪੀ ਦਫ਼ਤਰ ਜਾਂ ਪੁਲਿਸ ਸਟੇਸ਼ਨ ਨਾਲ ਸਬੰਧਤ ਸ਼ਿਕਾਇਤ, ਸੁਝਾਅ ਵੀ ਇਥੇ ਦਿੱਤੇ ਜਾ ਸਕਦੇ ਹਨ, ਸਬੰਧਤ ਦਫ਼ਤਰ ਜਾਂ ਥਾਣੇ ਵਿਚ ਇਹ ਸ਼ਿਕਾਇਤ, ਸੁਝਾਅ ਆਪਣੇ ਆਪ ਪਹੁੰਚ ਜਾਣਗੇ ਅਤੇ ਉਸ ’ਤੇ ਜਲਦ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਐਸ.ਡੀ.ਐਮ ਹੁਸ਼ਿਆਰਪੁਰ ਪ੍ਰੀਤਇੰਦਰ ਸਿੰਘ, ਡੀ.ਐਸ.ਪੀ ਜਗੀਰ ਸਿੰਘ, ਤਹਿਸੀਲਦਾਰ ਗੁਰਸੇਵਕ ਚੰਦ, ਨਾਇਬ ਤਹਿਸੀਲਦਾਰ ਵਿਜੇ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।