- ਮਾਨਵ ਏਕਤਾ ਦਿਵਸ ਮੌਕ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੀ ਖੂਨਦਾਨ ਮੁਹਿੰਮ ਵਿੱਚ ਕੀਤੀ ਸ਼ਿਰਕਤ
ਹੁਸ਼ਿਆਰਪੁਰ, 24 ਅਪ੍ਰੈਲ : ਖੂਨਦਾਨ ਕਰਨਾ ਮਾਨਵਤਾ ਦੀ ਸਭ ਤੋਂ ਵੱਡੀ ਸੇਵਾ ਹੈ ਕਿਉਂਕਿ ਖੂਨਦਾਨ ਇਕ ਮਹਾਨ ਦਾਨ ਹੈ, ਜਿਸ ਨਾਲ ਅਨੇਕਾਂ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਸੰਤ ਨਿਰੰਕਾਰੀ ਭਵਨ, ਅਸਲਾਮਾਬਾਦ ਵਿਖੇ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਵਲੋਂ ਚਲਾਈ ਗਈ ਮਾਨਵਤਾ ਖੂਨਦਾਨ ਮੁਹਿੰਮ ਵਿੱਚ ਸ਼ਿਰਕਤ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਖੂਨ ਦੀ ਇਕ-ਇਕ ਬੂੰਦ ਕੀਮਤੀ ਹੈ ਜੋ ਕਿਸੇ ਵੀ ਮਰਦੇ ਹੋਏ ਵਿਅਕਤੀ ਨੂੰ ਜੀਵਨ ਦਾਨ ਦੇ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਡਾ ਜੀਵਨ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਹੋਣਾ ਚਾਹੀਦਾ ਹੈ ਅਤੇ ਖੂਨਦਾਨ ਕਰਕੇ ਮਾਨਵਤਾ ਦੀ ਸੇਵਾ ਵਿਚ ਆਪਣਾ ਯੋਗਦਾਨ ਪਾਇਆ ਜਾ ਸਕਦਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਮਾਨਵ ਜਾਤੀ ਦੀ ਭਲਾਈ ਲਈ ਸੰਤ ਨਿਰੰਕਾਰੀ ਮਿਸ਼ਨ ਅੱਜ ਪੂਰੇ ਵਿਸ਼ਵ ਵਿੱਚ ਮਾਨਵ ਏਕਤਾ ਦਿਵਸ ਮਨਾਉਂਦਿਆਂ ਮਾਨਵਤਾ ਖੂਨਦਾਨ ਮੁਹਿੰਮ ਚਲਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਵਿਖੇ ਅੱਜ ਦੀ ਇਸ ਖੂਨਦਾਨ ਮੁਹਿੰਮ ਵਿੱਚ ਸਮਾਜ ਦੇ ਹਰੇਕ ਵਰਗ ਅਤੇ ਨਿਰੰਕਾਰੀ ਮਿਸ਼ਨ ਦੇ ਵਲੰਟੀਅਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲੈਂਦਿਆਂ 500 ਯੂਨਿਟ ਤੋਂ ਵੱਧ ਖੂਨਦਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਮਾਨਵ ਏਕਤਾ ਦੇ ਇਸ ਨੇਕ ਕਾਰਜ ਲਈ ਨਿਰੰਕਾਰੀ ਮਿਸ਼ਨ ਦੇ ਸਮੂਹ ਸਾਥੀਆਂ ਨੂੰ ਨਮਨ ਕਰਦਿਆਂ ਉਨ੍ਹਾਂ ਨੂੰ ਇਸੇ ਤਰ੍ਹਾਂ ਵੱਧ-ਚੜ੍ਹ ਕੇ ਕੰਮ ਕਰਨ ਦੀ ਕਾਮਨਾ ਕਰਦੇ ਹਨ। ਇਸ ਮੌਕੇ ਹੁਸ਼ਿਆਰਪੁਰ ਬਰਾਂਚ ਦੇ ਮੁਖੀ ਸੁਭੱਦਰਾ ਦੇਵੀ, ਸੰਚਾਲਕ ਬਾਲ ਕ੍ਰਿਸ਼ਨ, ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਜ਼ੋਨਲ ਇੰਚਾਰਜ ਪਠਾਨਕੋਟ ਮਨੋਹਰ ਲਾਲ ਸ਼ਰਮਾ, ਦਵਿੰਦਰ ਵੋਹਰਾ, ਨਿਰਮਲ ਦਾਸ ਅਤੇ ਹੋਰ ਪਤਵੰਤੇ ਹਾਜ਼ਰ ਸਨ।