ਕਪੂਰਥਲਾ, 15 ਜਨਵਰੀ : ਕਪੂਰਥਲਾ ਦੇ ਭੁਲੱਥ ਇਲਾਕੇ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਕਪੂਰਥਲਾ ਕੋਰਟ ਨੇ ਖਹਿਰਾ ਦੀ ਜ਼ਮਾਨਤ ਪਟੀਸ਼ਨ ਮਨਜ਼ੂਰ ਕਰ ਲਈ ਹੈ। ਦੱਸਣਯੋਗ ਹੈ ਕਿ ਸੁਖਪਾਲ ਸਿੰਘ ਖਹਿਰਾ ਖਿਲਾਫ ਥਾਣਾ ਸੁਭਾਨਪੁਰ ‘ਚ ਇੱਕ ਔਰਤ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਖਹਿਰਾ ਵੱਲੋਂ ਜ਼ਮਾਨਤ ਲਈ ਅਦਾਲਤ ‘ਚ ਅਰਜ਼ੀ ਦਾਇਰ ਕੀਤੀ ਗਈ ਸੀ ਤੇ ਬੀਤੀ 12 ਜਨਵਰੀ ਨੂੰ ਅਦਾਲਤ ਵੱਲੋਂ ਦੋਹਾਂ ਧਿਰਾਂ ਦੀ ਬਹਿਸ ਸੁਣਨ ਤੋਂ ਬਾਅਦ 15 ਜਨਵਰੀ ਯਾਨੀ ਅੱਜ ਤਕ ਫੈਸਲਾ ਰਾਖਵਾਂ ਰੱਖ ਲਿਆ ਸੀ। ਇਸ ‘ਤੇ ਅਦਾਲਤ ਵੱਲੋਂ ਸੁਣਵਾਈ ਦੌਰਾਨ ਅੱਜ ਖਹਿਰਾ ਨੂੰ ਜ਼ਮਾਨਤ ਦੇ ਦਿੱਤੀ ਗਈ। ਖਹਿਰਾ ਦੇ ਵਕੀਲਾਂ ਕੰਵਲਜੀਤ ਸਿੰਘ ਅਤੇ ਰਜਤ ਢਿੱਲੋਂ ਨੇ ਦੱਸਿਆ ਕਿ 6 ਜਨਵਰੀ ਨੂੰ ਕਪੂਰਥਲਾ ਅਦਾਲਤ ਵੱਲੋਂ ਸੁਖਪਾਲ ਖਹਿਰਾ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜੇ ਜਾਣ ਤੋਂ ਬਾਅਦ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਗਈ ਸੀ। ਜਦੋਂ 9 ਜਨਵਰੀ ਨੂੰ ਪੁਲੀਸ ਨੇ ਰਿਕਾਰਡ ਪੇਸ਼ ਨਾ ਕੀਤਾ ਤਾਂ ਅਦਾਲਤ ਨੇ 11 ਜਨਵਰੀ ਨੂੰ ਰਿਕਾਰਡ ਪੇਸ਼ ਕਰਨ ਦੇ ਹੁਕਮ ਦਿੱਤੇ। ਉਸ ਦਿਨ ਵੀ ਰਿਕਾਰਡ ਪੇਸ਼ ਨਹੀਂ ਕੀਤਾ ਗਿਆ ਸੀ, ਇਸ ਲਈ 12 ਜਨਵਰੀ ਨੂੰ ਰਿਕਾਰਡ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਸਨ। ਪੁਲੀਸ ਨੇ ਦੁਪਹਿਰ ਬਾਅਦ ਰਿਕਾਰਡ ਪੇਸ਼ ਕੀਤਾ ਅਤੇ ਦੋਵਾਂ ਪਾਸਿਆਂ ਦੀ ਬਹਿਸ ਤੋਂ ਬਾਅਦ ਫੈਸਲੇ ਦੀ ਤਰੀਕ 15 ਜਨਵਰੀ ਤੈਅ ਕੀਤੀ ਗਈ ਸੀ ਅਤੇ ਅੱਜ ਉਕਤ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਕਰਦਿਆਂ ਹੋਇਆ ਖ਼ਹਿਰਾ ਨੂੰ ਕਪੂਰਥਲਾ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਦੂਜੇ ਪਾਸੇ, ਸੁਖਪਾਲ ਖਹਿਰਾ ਦੇ ਪੁੱਤਰ ਐਡਵੋਕੇਟ ਮਹਿਤਾਬ ਖਹਿਰਾ ਨੇ ਦੱਸਿਆ ਕਿ ਉਨ੍ਹਾਂ ਕੋਰਟ ਵਿੱਚ ਪਾਈ ਪਟੀਸ਼ਨ ਵਿੱਚ ਉਕਤ ਕੇਸ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ। ਜਿਸ ਦੀ ਅੱਜ ਸੁਣਵਾਈ ਵੀ ਹੋਈ ਹੈ। ਮਹਿਤਾਬ ਨੇ ਦੱਸਿਆ ਕਿ ਹਾਈਕੋਰਟ ਨੇ ਪੁਲਿਸ ਨੂੰ 22 ਤਰੀਕ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।