- ਨੈਸ਼ਨਲ ਬੁੱਕ ਟਰੱਸਟ ਵਲੋਂ ਲਗਾਈ ਜਾ ਰਹੀ ਹੈ ਇਕ ਪੁਸਤਕ ਪ੍ਰਦਰਸ਼ਨੀ
ਨਵਾਂਸ਼ਹਿਰ, 20 ਨਵੰਬਰ : ਨੈਸ਼ਨਲ ਬੁੱਕ ਟਰੱਸਟ ਵਲੋਂ ਬੱਚਿਆਂ ਦੇ ਲਈ ਇਕ ਪੁਸਤਕ ਪ੍ਰਦਰਸ਼ਨੀ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਲਗਾਈ ਗਈ ਹੈ, ਜਿਸ ਦੇ ਵਿੱਚ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਦੇ ਵਿੱਚ ਵੱਖ-ਵੱਖ ਵਿਸ਼ਿਆਂ ਅਤੇ ਜਨਰਲ ਨਾਲਜ਼ ਸਬੰਧੀ ਕਿਤਾਬਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਦੱਸਿਆ ਕਿ ਸਕੂਲ ਦੇ ਬਾਹਰ ਕਿਤਾਬਾਂ ਦੀ ਪ੍ਰਦਰਸ਼ਨੀ ਦੇ ਲਈ ਵੱਖਰੇ ਤੌਰ ‘ਤੇ ਇਕ ਬੱਸ ਵੀ ਲਗਾਈ ਗਈ ਹੈ, ਜੋ ਕਿ 29 ਨਵੰਬਰ 2023 ਤੱਕ ਉਪਲਬੱਧ ਰਹੇਗੀ। ਉਨ੍ਹਾਂ ਦੱਸਿਆ ਕਿ ਕੋਈ ਵੀ ਵਿਦਿਆਰਥੀ ਸਵੇਰੇ 9 ਵਜੇ ਤੋਂ ਸ਼ਾਮ 5:30 ਵਜੇ ਤੱਕ ਆ ਕੇ ਕਿਤਾਬਾਂ ਦੇਖ ਜਾਂ ਖਰੀਦ ਸਕਦਾ ਹੈ। ਉਨ੍ਹਾਂ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਖੁੱਦ ਲੈ ਕੇ ਆਉਣ ਅਤੇ ਇਸ ਬੱਸ ਅਤੇ ਪ੍ਰਦਰਸ਼ਨੀ ਦਾ ਲਾਭ ਲੈਣ। ਉਨ੍ਹਾਂ ਦੱਸਿਆ ਕਿ ਨੈਸ਼ਨਲ ਬੁੱਕ ਟਰੱਸਟ ਸਾਡੇ ਦੇਸ਼ ਦਾ ਸਭ ਤੋਂ ਵੱਡਾ ਕਿਤਾਬਾਂ ਛਾਪਣ ਵਾਲਾ ਅਦਾਰਾ ਹੈ। ਸਾਡੇ ਜ਼ਿਲ੍ਹੇ ਦੀ ਖੁਸ਼ਕਿਸਮਤੀ ਹੈ ਕਿ ਇਹ ਬੱਸ ਸਾਡੇ ਜ਼ਿਲ੍ਹੇ ਵਿੱਚ ਆਈ ਹੈ ਅਤੇ ਇਸ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 84486-26274 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ‘ਤੇ ਸਨੀ ਸਿੰਘ ਅਤੇ ਪਰਮਿੰਦਰ ਸਿੰਘ ਵੀ ਮੌਜੂਦ ਸਨ।