ਕਰਤਾਰਪੁਰ, 6 ਮਈ : ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਉਹਨਾਂ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਕਿਸਾਨ ਪੱਖੀ ਤੇ ਗਰੀਬ ਪੱਖੀ ਨੀਤੀਆਂ ਦੇ ਟਰੈਕ ਰਿਕਾਰਡ ’ਤੇ ਵਿਸ਼ਵਾਸ ਪ੍ਰਗਟ ਕਰਨ। ਅੱਜ ਕਰਤਾਰਪੁਰ ਹਲਕੇ ਵਿਚ ਵਿਸ਼ਾਲ ਜਨਤਕ ਇਕੱਠਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਡਾ. ਸੁੱਖੀ ਨੇ ਨਾ ਸਿਰ ਵਿਧਾਨ ਸਭਾ ਵਿਚ ਆਪਣੀ ਲਾਮਿਸਾਲ ਕਾਰਗੁਜ਼ਾਰੀ ਵਿਖਾਈ ਹੈ ਬਲਕਿ ਉਹ ਹਮੇਸ਼ਾ ਗਰੀਬ ਵਰਗਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਡਟੇ ਰਹੇ ਹਨ ਤੇ ਸਮਾਜ ਸੇਵੀ ਤੇ ਪਰਉਪਕਾਰੀ ਵਿਅਕਤੀ ਦੀ ਭੂਮਿਕਾ ਨਿਭਾਈ ਹੈ। ਸਰਦਾਰ ਬਿਕਰਮ ਸਿੰਘ ਮਜੀਠੀਆ ਲੋਕਾਂ ਨੂੰ ਅਕਾਲੀ ਦਲ-ਬਸਪਾ ਗਠਜੋੜ ਦੇ ਉਮੀਦਵਾਰ ਲਈ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜਲੰਧਰ ਦੇ ਲੋਕਾਂ ਨੇ 30 ਸਾਲਾਂ ਤੋਂ ਕਾਂਗਰਸ ਪਾਰਟੀ ਨੂੰ ਵੋਟਾਂ ਪਾਈਆਂ ਹਨ ਤੇ ਪਿਛਲੇ 9 ਸਾਲਾਂ ਤੋਂ ਐਮ ਪੀ ਚੌਧਰੀ ਸੰਤੋਖ ਸਿੰਘ ਹਲਕੇ ਦੇ ਪ੍ਰਤੀਨਿਧ ਸਨ। ਉਹਨਾਂ ਕਿਹਾ ਕਿ ਕੋਈ ਵੱਡੀ ਪ੍ਰਾਪਤੀ ਦੀ ਤਾਂ ਗੱਲ ਛੱਡੋ ਚੌਧਰੀ ਪਰਿਵਾਰ ਨੇ ਇੰਨੇ ਸਾਲਾਂ ਵਿਚ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਵੀ ਨਹੀਂ ਕੀਤਾ। ਉਹਨਾਂ ਕਿਹਾ ਕਿ ਇਹ ਵੀ ਦੱਸਿਆ ਨਹੀਂ ਜਾ ਸਕਦਾ ਕਿ ਉਹਨਾਂ ਨੇ ਐਮ ਪੀ ਲੈਡ ਫੰਡ ਦੌਰਾਨ ਪ੍ਰਾਪਤ ਹੋਏ 50 ਕਰੋੜ ਰੁਪਏ ਕਿਥੇ ਖਰਚ ਕੀਤੇ ਹਨ। ਸਰਦਾਰ ਮਜੀਠੀਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀਆਂ ਬਦਲਣ ਵਾਲਿਆਂ ਤੋਂ ਕਿਨਾਰਾ ਕਰਨ ਅਤੇ ਕਿਹਾ ਕਿ ਆਪ ਦੇ ਉਮੀਦਵਾਰ ਸੁਸ਼ੀਲ ਰਿੰਕੂ ਇਕ ਮਹੀਨਾ ਪਹਿਲਾਂ ਤੱਕ ਕਾਂਗਰਸ ਵਿਚ ਹੁੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਂ ਲੈ ਕੇ ਉਹਨਾਂ ਨੂੰ ਪੈਗਵੰਤ ਮਾਨ ਆਖਦੇ ਸਨ। ਉਹਨਾਂ ਕਿਹਾ ਕਿ ਰਿੰਕੂ ਵੀ ਇਹ ਆਖਦੇ ਸਨ ਕਿ ਆਪ ਸਰਕਾਰ ਪਹਿਲਾਂ ਔਰਤਾਂ ਨੂੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਸਾਲ ਦਾ 12 ਹਜ਼ਾਰ ਰੁਪਿਆ ਅਦਾ ਕਰੇ ਅਤੇ ਫਿਰ ਵੋਟਾਂ ਮੰਗਣ ਲਈ ਆਵੇ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਰਿੰਕੂ ਇਕ ਮਹੀਨਾ ਪਹਿਲਾਂ ਦੀਆਂ ਗੱਲਾਂ ਭੁੱਲ ਗਏ ਹਨ। ਸਰਦਾਰ ਮਜੀਠੀਆ ਨੇ ਕਿਹਾ ਕਿ ਲੋਕ ਕਦੇ ਵੀ ਭਾਜਪਾ ’ਤੇ ਵਿਸ਼ਵਾਸ ਨਹੀਂ ਕਰਨਗੇ ਜਿਸਨੇ ਪੰਜਾਬੀਆਂ ਦੀ ਬਦਨਾਮੀ ਕਰਵਾਈ ਤੇ ਮਾਸੂਮ ਸਿੱਖਾਂ ’ਤੇ ਆਪ ਨਾਲ ਰਲ ਕੇ ਐਨ ਐਸ ਏ ਲਗਾ ਕੇ ਉਹਨਾਂ ਨੂੰ ਅਤਿਵਾਦੀ ਕਰਾਰ ਦਿੱਤਾ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਹੁਣ ਵੀ ਕਿਸਾਨ ਵਿਰੋਧੀ ਸਟੈਂਡ ਲੈ ਰਹੀ ਹੈ ਤੇ ਇਸਨੇ ਕਿਸਾਨਾਂ ਦੀ ਕਣਕ ਦੀ ਫਸਲ ’ਤੇ ਵੈਲਯੂ ਕੱਟ ਲਗਾਏ ਹਨ। ਸਾਬਕਾ ਮੰਤਰੀ ਨੇ ਕਿਹਾ ਕਿ ਇਹਨਾਂ ਮੌਕਾ ਪ੍ਰਸਤਾਂ ਤੇ ਪੰਜਾਬ ਵਿਰੋਧੀ ਪਾਰਟੀਆਂ ਤੋਂ ਉਲਟ ਅਕਾਲੀ ਦਲ ਅਤੇ ਇਸਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਨ ਜਿਹਨਾਂ ਨੇ ਲੋਕ ਹਿੱਤ ਹਮੇਸ਼ਾ ਪਹਿਲਾਂ ਰੱਖੇ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਕਿਸਾਨਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਦਿੱਤੀ। ਇਸਨੇ ਹੀ ਆਟਾ ਦਾਲ, ਸ਼ਗਨ, ਬੁਢਾਪਾ ਪੈਨਸ਼ਨ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤੇ ਲੜਕੀਆਂ ਲਈ ਮੁਫਤ ਸਾਈਕਲ ਵਰਗੀਆਂ ਸਮਾਜ ਭਲਾਈ ਸਕੀਮਾਂ ਚਲਾਈਆਂ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਇਹ ਸਕੀਮਾਂ ਬਹੁਤ ਵਧੀਆ ਢੰਗ ਨਾਲ ਚਲਦੀਆਂ ਸਨ ਪਰ ਆਪ ਸਰਕਾਰ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਪੂਰੀ ਕਰਨ ਤੋਂ ਭੱਜ ਰਹੀ ਹੈ। ਉਹਨਾਂ ਕਿਹਾ ਕਿ ਬੁਢਾਪਾ ਪੈਨਸ਼ਨ ਤੇ ਸ਼ਗਨ ਸਕੀਮ ਦੇ ਲਾਭ ਲੋਕਾਂ ਨੂੰ ਨਹੀਂ ਦਿੱਤੇ ਜਾ ਰਹੇ ਜਦੋਂ ਕਿ ਆਟਾ ਦਾਲ ਸਕੀਮ ਦੇ ਨੀਲੇ ਕਾਰਡ ਵੱਡੀ ਗਿਣਤੀ ਵਿਚ ਕੱਟ ਦਿੱਤੇ ਗਏ ਹਨ। ਸਰਦਾਰ ਮਜੀਠੀਆ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਵੀ ਵੱਡਾ ਹਮਲਾ ਕੀਤਾ ਤੇ ਕਿਹਾ ਕਿ ਉਹਨਾਂ ਨੇ ਉਹਨਾਂ ਗਰੰਟੀਆਂ ਦਾ ਲਾਰਾ ਲਾ ਕੇ ਪੰਜਾਬੀਆਂ ਨੂੰ ਗੁੰਮਰਾਹ ਕੀਤਾ ਜੋ ਕਦੇ ਪੂਰੀਆਂ ਨਹੀਂ ਕੀਤੀਆਂ ਗਈਆਂ। ਉਹਨਾਂ ਕਿਹਾ ਕਿ ਇਸੇ ਕਾਰਨ ਲੋਕ ਸਰਕਾਰ ਦੇ ਕੀਤੇ ਵਾਅਦੇ ਅਨੁਸਾਰ ਸਰਕਾਰੀ ਨੌਕਰੀਆਂ ਉਡੀਕ ਰਹੇ ਹਨ ਤੇ ਔਰਤਾਂ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਉਡੀਕ ਰਹੀਆਂ ਹਨ।