ਜਾਂਚ ਦਾ ਰੁਖ ਸਹੀ ਦਿਸ਼ਾ ਵੱਲ, ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ - ਏਡੀਜੀਪੀ ਅਰਪਿਤ ਸ਼ੁਕਲਾ


ਤਰਨਤਾਰਨ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਪੁਲਿਸ ਦੇ ਅਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਅੱਜ ਤਰਨਤਾਰਨ ਦੇ ਚਰਚ ਵਿੱਚ ਬੇਅਦਬੀ ਅਤੇ ਅੱਗ ਲੱਗਣ ਦੀ ਘਟਨਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨਾਲ ਮੀਟਿੰਗ ਕੀਤੀ। ਬਾਅਦ ਵਿੱਚ, ਏ.ਡੀ.ਜੀ.ਪੀ. ਨੇ ਐਸ.ਆਈ.ਟੀ. ਮੈਂਬਰਾਂ ਨਾਲ ਹੁਣ ਤੱਕ ਕੀਤੀ ਜਾਂਚ ਦੀ ਸਥਿਤੀ ਬਾਰੇ ਵਿਚਾਰ ਵਟਾਂਦਰੇ ਲਈ ਘਟਨਾ ਸਥਾਨ ਦਾ ਦੌਰਾ ਵੀ ਕੀਤਾ। ਇਸ ਮੌਕੇ ਏ.ਡੀ.ਜੀ.ਪੀ. ਅਰਪਿਤ ਸ਼ੁਕਲਾ ਨੇ ਪੱਤਟਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਐਸ.ਆਈ.ਟੀ. ਵੱਲੋਂ ਜਾਂਚ ਪੜਤਾਲ ਸਹੀ ਕੀਤੀ ਜਾ ਰਹੀ ਹੈ, ਜਲਦੀ ਹੀ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਦੋਸ਼ੀ ਜਲਦੀ ਹੀ ਸਲਾਖਾਂ ਦੇ ਪਿੱਛੇ ਹੋਣਗੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇਗੀ।

              ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਡੀਜੀਪੀ ਗੌਰਵ ਯਾਦਵ ਨੂੰ ਇਸ ਘਟਨਾਂ ਜੋ ਕਿ ਸੂਬੇ ਦੀ ਸ਼ਾਂਤੀ, ਖੁਸ਼ਹਾਲੀ ਅਤੇ ਤਰੱਕੀ ਨੂੰ ਭੰਗ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੀ ਕਰਤੂਤ ਹੈ, ਦੀ ਬਾਰੀਕੀ ਨਾਲ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਸਨ। ਘਟਨਾ ਸਬੰਧੀ ਐਫ.ਆਈ.ਆਰ ਨੰ. 148 ਮਿਤੀ 31-8-2022 ਨੂੰ ਤਰਨਤਾਰਨ ਦੇ ਥਾਣਾ ਸਦਰ ਪੱਟੀ ਵਿਖੇ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 295-ਏ, 452, 427, ਤੇ 34 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।