ਸੁਪਰੀਮ ਕੋਰਟ ਨੇ ਗਵਰਨਰ ਨੂੰ ਹੀ ਨਹੀਂ ਪੰਜਾਬ ਸਰਕਾਰ ਨੂੰ ਵੀ ਝਾੜ ਪਾਈ ਹੈ : ਪਰਗਟ ਸਿੰਘ

ਚੰਡੀਗੜ੍ਹ, 11 ਨਵੰਬਰ : ਪੰਜਾਬ ਸਰਕਾਰ ਤੇ ਪੰਜਾਬ ਦੇ ਗਵਰਨਰ ਵਿਚਾਲੇ ਚਲਦੇ ਕਲੇਸ਼ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਜਿਸ ਵਿੱਚ ਕੋਰਟ ਵੱਲੋਂ ਗਵਰਨਰ ਨੂੰ ਝਾੜ ਪਾਈ ਗਈ ਹੈ, ਹਾਲਾਂਕਿ ਇਸ ਦੌਰਾਨ ਪੰਜਾਬ ਸਰਕਾਰ ਨੂੰ ਵੀ ਤਾੜਨਾ ਕੀਤੀ ਗਈ ਹੈ। ਇਸ ਮਾਮਲੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਸਵਾਲ ਚੁੱਕੇ ਹਨ। ਕਾਂਗਰਸ ਵਿਧਾਇਕ ਨੇ ਟਵੀਟ ਕਰਦਿਆਂ ਕਿਹਾ ਕਿ ਗਵਰਨਰ ਦੇ ਮਾਮਲੇ ਨਾਲ ਮਾਣਯੋਗ ਸੁਪਰੀਮ ਕੋਰਟ ਨੇ ਸਰਕਾਰ ਨੂੰ ਵੀ ਤਾੜਨਾ ਕੀਤੀ ਹੈ ਕਿ ਜਿਸ ਤਰੀਕੇ ਨਾਲ ਭਗਵੰਤ ਮਾਨ ਸਰਕਾਰ ਸੈਸ਼ਨ ਮੁਲਤਵੀ ਕੀਤੇ ਬਿਨਾਂ ਇੱਕ ਸੈਸ਼ਨ ਨਾਲ ਹੀ ਵਿਧਾਨ ਸਭਾ ਚਲਾ ਰਹੀ ਹੈ, ਇਹ ਵੀ ਸੰਵਿਧਾਨਿਕ ਪ੍ਰੀਕਿਰਿਆ ਦੀ ਉਲੰਘਣਾ ਹੈ। ਸਰਕਾਰ ਨੇ ਨਾ ਪਿਛਲਾ ਸਰਦ ਰੁੱਤ ਸੈਸ਼ਨ ਬੁਲਾਇਆ ਨਾ ਹੀ ਹੁਣ ਮਾਨਸੂਨ ਸੈਸ਼ਨ। ਇਸ ਵਾਰ ਦਾ ਸਰਦ ਰੁੱਤ ਸੈਸ਼ਨ ਵੀ ਇਸੇ ਤਰੀਕੇ ਖਤਮ ਕਰਨ ਦੀ ਕੋਸ਼ਿਸ਼ ਸੀ। ਇਸ ਨਾਲ ਸਰਕਾਰ ਤੋਂ ਸਵਾਲ ਪੁੱਛਣ ਤੱਕ ਦਾ ਅਧਿਕਾਰ ਖੋਹਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਰਗਟ ਸਿੰਘ ਨੇ ਸੁਪਰੀਮ ਕੋਰਟ ਦੇ ਹਵਾਲੇ ਨਾਲ ਕਿਹਾ ਕਿ ਸਰਕਾਰ ਨੂੰ ਸੰਵਿਧਾਨਿਕ ਨਿਯਮਾਂ ਅਨੁਸਾਰ ਘੱਟੋ ਘੱਟ 3 ਸੈਸ਼ਨ ਪੂਰੇ ਕਰਨ ਦੀ ਨਸੀਹਤ ਦਿੱਤੀ ਗਈ ਹੈ। ਲੰਮੇ ਸੈਸ਼ਨ ਬੁਲਾਉਣ ਦੀ ਗੱਲ ਕਰਨ ਵਾਲੀ ਆਮ ਆਦਮੀ ਪਾਰਟੀ ਹੁਣ ਘੱਟੋ ਘੱਟ ਸੈਸ਼ਨ ਬੁਲਾਉਣ ਤੋਂ ਵੀ ਭੱਜ ਰਹੀ ਹੈ।