ਅਮਰੀਕਾ ਅਤੇ ਕੈਨੇਡਾ ਤੋਂ ਆਈ ਦੁਖਦਾਈ ਖ਼ਬਰ, 2 ਪੰਜਾਬੀ ਨੌਜਵਾਨਾਂ ਦੀ ਮੌਤ

ਚੰਡੀਗੜ੍ਹ, 30 ਨਵੰਬਰ : ਥਾਣਾ ਸਦਰ ਅਧੀਨ ਪੈਂਦੇ ਪਿੰਡ ਥਿੱਗਲੀ ਦੇ ਸਰਪੰਚ ਕੁਲਵੰਤ ਰਾਏ ਭੱਲਾ ਦੇ ਨੌਜਵਾਨ ਪੁੱਤਰ ਤੇ ਨੰਬਰਦਾਰ ਲਾਭ ਚੰਦ ਦੇ ਭਤੀਜੇ ਸੁਖਦੇਵ ਸ਼ਰਮਾ ਉਰਫ਼ ਸੁੱਖਾ ਥਿੱਗਲੀ (28 ਸਾਲ) ਕੈਨੇਡਾ ਦੀ ਧਰਤੀ ਉੱਤੇ ਅਚਨਚੇਤ ਮੌਤ ਹੋ ਜਾਣ ਦੀ ਬੇਹੱਦ ਦੁਖਦਾਇਕ ਖ਼ਬਰ ਪ੍ਰਾਪਤ ਹੋਈ ਹੈ, ਜਿਸ ਦਾ ਪਤਾ ਪੀੜਤ ਪਰਿਵਾਰ ਨੂੰ ਕੈਨੇਡਾ ਤੋਂ ਆਈ ਇਕ ਫੋਨ ਕਾਲ ਤੋਂ ਜਿਉਂ ਹੀ ਪਤਾ ਲੱਗਿਆ, ਤਾਂ ਹੱਸਦੇ -ਵੱਸਦੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਇਕ ਤਰ੍ਹਾਂ ਨਾਲ ਗ੍ਰਹਿਣ ਲੱਗ ਗਿਆ ਤੇ ਸਭ ਪਾਸੇ ਚੀਕ-ਚਿਹਾੜਾ ਪੈ ਗਿਆ ਤੇ ਪਿੰਡ ਤੇ ਇਲਾਕੇ ਵਿਚ ਸੋਗ ਦੀ ਲਹਿਰ ਪਸਰ ਗਈ। ਸੁਖਦੇਵ ਸ਼ਰਮਾ ਉਰਫ ਸੁੱਖਾ ਥਿਗਲੀ, ਜੋ ਕਿ ਆਸਟ੍ਰੇਲੀਆ ਵਿਚ ਸੈਂਟਰ ਸੀ ਉਸਦਾ ਵਿਆਹ ਕਰੀਬ 14 ਮਹੀਨੇ ਪਹਿਲਾਂ ਪਿਛਲੇ ਸਾਲ ਸਤੰਬਰ ਮਹੀਨੇ ਵਿਚ ਬੜੇ ਹੀ ਚਾਵਾਂ -ਮਲਾਰਾਂ ਨਾਲ ਕੀਤਾ ਸੀ ਤੇ ਵਿਆਹ ਪਿੱਛੋਂ ਉਹ ਕੁਝ ਮਹੀਨੇ ਆਸਟ੍ਰੇਲੀਆ ਰਿਹਾ ਤੇ 5-6 ਮਹੀਨੇ ਪਹਿਲਾਂ ਹੀ ਉਹ ਕੈਨੇਡਾ ਵਿਚ ਆਪਣੀ ਪਤਨੀ ਤੇ ਉਸਦੇ ਪਰਿਵਾਰਕ ਮੈਂਬਰਾਂ ਪਾਸ ਪੁੱਜ ਗਿਆ ਸੀ।, ਜਿੱਥੇ ਉਹ ਵੀ ਵਧੀਆ ਕੰਮ ਕਰ ਰਿਹਾ ਸੀ ਅਤੇ ਉਸ ਦੀ ਪਤਨੀ ਸਾਕਸ਼ੀ ਸ਼ਰਮਾ ਵੀ ਪੜ੍ਹਾਈ ਦੇ ਨਾਲ ਨਾਲ ਕੰਮ ਕਰ ਰਹੀ ਸੀ। ਸੁੱਖਾ ਇੰਨ੍ਹੀਂ ਦਿਨੀਂ ਕੈਨੇਡਾ ਦੇ ਵਾਈਟ ਹਿੱਲ ਵਿਚ ਰਹਿ ਰਿਹਾ ਸੀ। ਮ੍ਰਿਤਕ ਦੇ ਤਾਇਆ ਨੰਬਰਦਾਰ ਲਾਭ ਚੰਦ ਥਿਗਲੀ ਨੇ ਦੱਸਿਆ ਕਿ ਸੁੱਖੇ ਦੀ ਮੌਤ ਵਾਲੇ ਦਿਨ 2 ਕੁ ਘੰਟੇ ਪਹਿਲਾਂ ਆਪਣੀ ਪਤਨੀ ਨਾਲ ਫੋਨ ਉੱਤੇ ਗੱਲਬਾਤ ਵੀ ਹੋਈ ਸੀ ਅਤੇ ਬਾਅਦ ਵਿੱਚ ਸੁੱਤੇ ਪਏ ਨੂੰ ਹੀ ਕਥਿਤ ਹਾਰਟ ਅਟੈਕ ਆ ਗਿਆ,ਜਿਸ ਬਾਬਤ ਉਸਦੀ ਪਤਨੀ ਨੂੰ ਘਰ ਪੁੱਜ ਕੇ ਹੀ ਪਤਾ ਲੱਗਿਆ। ਉਸ ਦੀ ਇੰਡੀਆ ਰਹਿੰਦੇ ਆਪਣੇ ਪਰਿਵਾਰ ਨਾਲ ਵੀ ਗੱਲਬਾਤ ਹੋਈ ਸੀ ਅਤੇ ਬਹੁਤ ਖੁਸ਼ ਸੀ।  

ਅਮਰੀਕਾ ਵਿਚ ਸੜਕ ਹਾਦਸੇ ਦੌਰਾਨ ਗਈ ਨੌਜਵਾਨ ਦੀ ਮੌਤ
ਇਸ ਤੋਂ ਇਲਾਵਾ ਅਮਰੀਕਾ ਵਿਚ ਵਾਪਰੇ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਮਨੀ ਸਰਾਂ ਭਾਰਤੀ ਕਿਸਾਨ ਯੂਨੀਅਨ  ਏਕਤਾ ਸਿੱਧੂਪੁਰ ਦੇ ਪਿੰਡ ਇਕਾਈ ਗੰਧੜ ਜ਼ਿਲ੍ਹਾ ਮੁਕਤਸਰ ਦੇ  ਪ੍ਰਧਾਨ ਪਰਗਟ ਸਿੰਘ ਸਰਾਂ ਗੰਧੜ ਦਾ ਪੁੱਤਰ ਸੀ। ਦੱਸ ਦੇਈਏ ਕਿ ਵੱਧ ਰਹੀਆਂ ਮੌਤਾਂ ਕਰ ਕੇ ਮਾਪੇ ਪ੍ਰੇਸ਼ਾਨੀ ਦੇ ਆਲਮ ਵਿਚ ਹਨ ਤੇ ਦੁਖੀ ਹਨ ਕਿਉਂਕਿ ਬਹੁਤਿਆਂ ਨੇ ਇਕੱਲੇ-ਇਕੱਲੇ ਪੁੱਤ ਬੇਗ਼ਾਨੇ ਦੇਸ਼ਾਂ ਨੂੰ ਤੋਰੇ ਹਨ। ਹਾਲਾਤ ਇਹ ਬਣੇ ਹੋਏ ਹਨ ਕਿ ਕਈ ਮਾਪਿਆਂ ਨੂੰ ਅਪਣੇ ਪੁੱਤਾਂ ਦੀਆਂ ਲਾਸ਼ਾਂ ਬੇਗਾਨੇ ਮੁਲਕਾਂ ਵਿਚੋਂ ਲਿਆਉਣੀਆਂ ਔਖੀਆਂ ਹੋ ਰਹੀਆਂ ਹਨ।