ਪੰਜਾਬ 'ਚ ਠੰਢ ਨੇ ਜ਼ੋਰ ਫੜਨਾ ਸ਼ੁਰੂ, ਆਉਣ ਵਾਲੇ ਦਿਨਾਂ ਵਿੱਚ ਰਾਜ ਵਿੱਚ ਤਾਪਮਾਨ ਵਿੱਚ 1 ਤੋਂ 2 ਡਿਗਰੀ ਸੈਲਸੀਅਸ ਦੀ ਆਵੇਗੀ ਗਿਰਾਵਟ 

ਚੰਡੀਗੜ੍ਹ, 14 ਨਵੰਬਰ : ਦੀਵਾਲੀ ਤੋਂ ਬਾਅਦ ਪੰਜਾਬ 'ਚ ਠੰਢ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ। ਹੁਣ ਦਿਨ ਦੇ ਨਾਲ-ਨਾਲ ਰਾਤ ਦਾ ਤਾਪਮਾਨ ਵੀ ਡਿੱਗਣਾ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਸੂਬੇ ਦੇ ਕਈ ਇਲਾਕਿਆਂ 'ਚ ਸੰਘਣੀ ਧੁੰਦ ਛਾਈ ਹੋਈ ਹੈ, ਜਿਸ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਜਿਵੇਂ-ਜਿਵੇਂ ਦਿਨ ਚੜ੍ਹਦਾ ਹੈ ਧੁੰਦ ਦਾ ਅਸਰ ਘਟਦਾ ਜਾਂਦਾ ਹੈ। ਪਰ ਰਾਤ ਸਮੇਂ ਠੰਢ ’ਚ ਕਾਫੀ ਵਾਧਾ ਹੋ ਜਾਂਦਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮੌਸਮ ਵਿਭਾਗ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਰਾਜ ਵਿੱਚ ਤਾਪਮਾਨ ਵਿੱਚ 1 ਤੋਂ 2 ਡਿਗਰੀ ਸੈਲਸੀਅਸ ਦੀ ਗਿਰਾਵਟ ਆਵੇਗੀ। ਇਸ ਦੇ ਨਾਲ ਹੀ ਅਗਲੇ ਕੁਝ ਦਿਨਾਂ 'ਚ ਮੌਸਮ ਸਾਫ ਰਹਿਣ ਦੀ ਉਮੀਦ ਹੈ। ਪਿਛਲੇ ਦਿਨੀਂ ਹੋਈ ਬਰਸਾਤ ਕਾਰਨ ਮੌਸਮ ਸਾਫ਼ ਹੋ ਗਿਆ ਸੀ ਪਰ ਦੀਵਾਲੀ ਮੌਕੇ ਪਟਾਕਿਆਂ ਕਾਰਨ ਪੰਜਾਬ ਦਾ ਮੌਸਮ ਇੱਕ ਵਾਰ ਫਿਰ ਖ਼ਰਾਬ ਹੋ ਗਿਆ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ’ਚ ਦੀਵਾਲੀ ਤੋਂ ਬਾਅਦ ਹਵਾ ਦੀ ਗੁੱਣਵਤਾ ’ਤੇ ਵੀ ਕਾਫੀ ਅਸਰ ਪਿਆ ਹੋਇਆ ਹੈ। ਦੱਸ ਦਈਏ ਕਿ ਸੋਮਵਾਰ ਸ਼ਾਮ ਨੂੰ ਪ੍ਰਾਪਤ ਅੰਕੜਿਆਂ ਅਨੁਸਾਰ ਪੰਜਾਬ ਵਿੱਚ 1,624 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਪਿਛਲੇ ਦੋ ਦਿਨਾਂ ਵਿੱਚ ਸੂਬੇ ਭਰ ਵਿੱਚ ਖੇਤਾਂ ਵਿੱਚ ਅੱਗ ਲੱਗਣ ਦੀਆਂ ਕੁੱਲ 2,611 ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਵਿੱਚ ਦੀਵਾਲੀ ਵਾਲੇ ਦਿਨ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੀਆਂ 987 ਘਟਨਾਵਾਂ ਸ਼ਾਮਲ ਹਨ।