ਵਿਧਾਇਕ ਰਤਨ ਨੇ ਡੀ.ਸੀ. ਬਠਿੰਡਾ ਵਿਰੁੱਧ ਐਸ.ਸੀ/ਐਸ.ਟੀ. ਐਕਟ ਤਹਿਤ ਕਾਰਵਾਈ ਲਈ ਐਸ.ਐਸ.ਪੀ. ਬਠਿੰਡਾ ਨੂੰ ਲਿਖਿਆ

ਚੰਡੀਗੜ੍ਹ, 27 ਅਕਤੂਬਰ : ਜ਼ਿਲ੍ਹਾ ਪੱਧਰੀ ਪ੍ਰੋਗਰਾਮ ਵਿੱਚ ਬਠਿੰਡਾ ਦਿਹਾਤੀ ਤੋਂ ਦਲਿਤ ਵਿਧਾਇਕ ਇੰਜ. ਅਮਿਤ ਰਤਨ ਕੋਟਫੱਤਾ ਨੂੰ ਅਣਗੌਲਿਆਂ ਕਰਕੇ ਅਪਮਾਨਿਤ ਕਰਨ ਦਾ ਕੰਮ ਜ਼ਿਲ੍ਹਾ ਬਠਿੰਡਾ ਦੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਖੇਤੀਬਾੜੀ ਅਫਸਰ ਵਲੋਂ ਕੀਤਾ ਗਿਆ ਹੈ। ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੂੰ ਆਦਰਸ਼ ਮੰਨ ਕੇ ਪੰਜਾਬ ਦੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਸਮੂਹ ਵਿਧਾਇਕਾਂ ਨੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦੀ ਸਹੁੰ ਖਾਧੀ ਸੀ । ਜਿੱਥੇ ਹੋਰ ਵਿਧਾਇਕ ਆਪਣੇ ਹਲਕੇ ਦੇ ਲੋਕਾਂ ਦੀ ਬਿਹਤਰੀ ਲਈ ਕੰਮ ਕਰ ਰਹੇ ਹਨ ਓਥੇ ਰਾਖਵੇਂ ਹਲਕੇ ਬਠਿੰਡਾ ਦਿਹਾਤੀ ਤੋਂ ਵਿਧਾਇਕ ਇੰਜ. ਅਮਿਤ ਰਤਨ ਕੋਟਫੱਤਾ ਆਪਣੇ ਹਲਕੇ ਦੇ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਜੁਟੇ ਹੋਏ ਹਨ। ਪ੍ਰੰਤੂ ਪਿਛਲੇ ਦਿਨਾਂ ਤੋਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਜੀ ਬਾਬਾ ਸਾਹਿਬ ਜੀ ਦੀ ਫੋਟੋ ਨੀਚੇ ਬੈਠ ਕੇ ਦਲਿਤ ਵਰਗ ਦੇ ਲੋਕਾਂ ਨਾਲ ਧ੍ਰੋਹ ਕਮਾ ਰਹੇ ਹਨ। ਪੰਜਾਬ ਵਿੱਚ ਅਨੁਸੂਚਿਤ ਜਾਤੀ ਨਾਲ ਸੰਬੰਧ ਭਾਈਚਾਰੇ ਨੇ ਵਿਧਾਨ ਸਭਾ ਚੋਣਾਂ ਅਤੇ ਰਾਖਵੇਂ ਲੋਕ ਸਭਾ ਹਲਕੇ ਜਲੰਧਰ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਭਰਵੀਂ ਮਦਦ ਕੀਤੀ ਹੈ । ਪ੍ਰੰਤੂ ਜ਼ਿਲ੍ਹੇ ਦੇ ਆਲਾ ਅਧਿਕਾਰੀ ਵਲੋਂ ਇੰਜ. ਅਮਿਤ ਰਤਨ ਕੋਟਫੱਤਾ ਨਾਲ ਕੀਤੀ ਜਾ ਰਹੀ ਵਿਤਕਰੇਬਾਜ਼ੀ ਰਾਹੀਂ ਐਸ.ਸੀ. ਭਾਈਚਾਰੇ ਦੇ ਮਾਣ ਸਨਮਾਨ ਨੂੰ ਡੂੰਘੀ ਠੇਸ ਸੱਟ ਪਹੁੰਚਾਈ ਗਈ ਹੈ। ਆਮ ਆਦਮੀ ਪਾਰਟੀ ਦੀ ਸ੍ਰ. ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਦਲਿਤ ਵਰਗ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਪੂਰੀ ਤਰ੍ਹਾਂ ਵਚਨਵੱਧ ਹੈ ਅਤੇ ਦਲਿਤ ਵਰਗ ਦੀ ਭਲਾਈ ਲਈ ਕਾਫੀ ਸਕੀਮਾਂ ਚਲਾਈਆਂ ਜਾ ਰਹੀਆਂ ਹਨ । ਜਿਹੜੇ ਅਧਿਕਾਰੀ ਇਨ੍ਹਾਂ ਦੇ ਹੱਕਾਂ ਅਤੇ ਹਿੱਤਾਂ ਦੀ ਰਾਖੀ ਕਰਨ ਵਿੱਚ ਨਾਕਾਮ ਰਹਿਣਗੇ ਉਨ੍ਹਾਂ ਵਿਰੁੱਧ ਸਰਕਾਰ ਸਖਤ ਹੈ। ਵਿਧਾਇਕ ਇੰਜ. ਅਮਿਤ ਰਤਨ ਕੋਟਫੱਤਾ ਨੇ ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਸ਼ੌਕਤ ਅਹਿਮਦ ਪਰ੍ਹੇ ਖਿਲਾਫ ਉਨ੍ਹਾਂ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਉਣ ਤਹਿਤ ਐਸ.ਐਸ.ਪੀ. ਬਠਿੰਡਾ ਨੂੰ ਲਿਖਤੀ ਤੌਰ ਤੇ ਦਰਖਾਸਤ ਦੇ ਕੇ ਕਾਰਵਾਈ ਕਰਨ ਲਈ ਲਿਖਿਆ ਹੈ । ਉਨ੍ਹਾਂ ਵਲੋਂ ਇਸਦੀ ਕਾਪੀ ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਨੂੰ ਵੀ ਯੋਗ ਕਾਰਵਾਈ ਲਈ ਭੇਜੀ ਗਈ ਹੈ । ਉਨ੍ਹਾਂ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਸ੍ਰ. ਭਗਵੰਤ ਮਾਨ ਜੀ ਦੀ ਅਗਵਾਈ ਵਿੱਚ ਪੂਰਨ ਭਰੋਸਾ ਹੈ ਤੇ ਉਹ ਦੋਸ਼ੀ ਅਧਿਕਾਰੀ ਵਿਰੁੱਧ ਫੌਰੀ ਕਾਰਵਾਈ ਕਰਨਗੇ ।