ਪੰਜਾਬ ਯੂਨੀਵਰਸਿਟੀ 'ਚ ਹਰਿਆਣਾ ਦਾ ਵੀ ਹਿੱਸਾ ਹੋਣਾ ਚਾਹੀਦਾ ਹੈ : ਉੱਪ ਰਾਸ਼ਟਰਪਤੀ ਧਨਖੜ 

ਚੰਡੀਗੜ੍ਹ, 23 ਦਸੰਬਰ : ਪੰਜਾਬ ਯੂਨੀਵਰਸਿਟੀ 'ਤੇ ਉੱਪ ਰਾਸ਼ਟਰਪਤੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਹੈ ਕਿ ਪੰਜਾਬ ਯੂਨੀਵਰਸਿਟੀ 'ਚ ਹਰਿਆਣਾ ਦਾ ਵੀ ਹਿੱਸਾ ਹੋਣਾ ਚਾਹੀਦਾ ਹੈ। ਇਸ ਮਸਲੇ 'ਤੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਕਰਨਗੇ। ਤੁਹਾਨੂੰ ਦੱਸ ਦਈਏ ਕਿ ਜਗਦੀਪ ਧਨਖੜ PU ਦੀ ਚੌਥੀ ਗਲੋਬਲ ਐਲੂਮਨੀ ਮੀਟ 'ਚ ਪਹੁੰਚੇ ਹੋਏ ਸੀ। ਜਿਸ ਸਮੇਂ ਉਨ੍ਹਾਂ ਨੇ ਇਹ ਬਿਆਨ ਦਿੱਤਾ। ਇਸ ਮੌਕੇ ਰਾਜਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਵੀ ਸਟੇਜ 'ਤੇ ਮੌਜੂਦ ਸਨ। ਜਿਸ ਦੇ ਜਵਾਬ 'ਚ ਹੁਣ ਆਪ ਆਗੂ ਮਾਲਵਿੰਦਰ ਕੰਗ ਨੇ ਕਿਹਾ ਕਿ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਰਾਜਨੀਤੀ ਨਾ ਕਰਨ। ਪੰਜਾਬ ਯੂਨੀਵਰਸਿਟੀ ਪੰਜਾਬ ਦੀ ਵਿਰਾਸਤ ਹੈ, ਇਸ ਤੇ ਪੰਜਾਬ ਤੋਂ ਬਿਨਾਂ ਹੋਰ ਕਿਸੇ ਦਾ ਕੋਈ ਹੱਕ ਨਹੀਂ ਹੈ। ਮਾਲਵਿੰਦਰ ਕੰਗ ਨੇ ਇਹ ਵੀ ਕਿਹਾ ਕਿ ਉੱਪ ਰਾਸ਼ਟਰਪਤੀ ਦਾ ਇਹ ਬਿਆਨ ਨਿੰਦਣਯੋਗ ਹੈ ਅਤੇ ਪੰਜਾਬ ਭਾਜਪਾ ਨੂੰ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ। ਮਾਲਵਿੰਦਰ ਕੰਗ ਨੇ ਸਵਾਲ ਕੀਤਾ ਕਿ ਹੁਣ ਪੰਜਾਬ ਭਾਜਪਾ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਦੇ ਦਰਵਾਜ਼ੇ 'ਤੇ ਧਰਨਾ ਲਾਏਗੀ।