ਟੈਗੋਰ ਥੀਏਟਰ ਨੂੰ ਰਾਜਨੀਤੀ ਦਾ ਅਖਾੜਾ ਨਾ ਬਣਨ ਦੇਣ ਦਾ ਫੈਸਲਾ ਸ਼ਲਾਘਯੋਗ : ਸੰਜੀਵਨ

ਚੰਡੀਗੜ੍ਹ,14 ਅਕਤੂਬਰ : ਨਾਟਕਕਾਰ ਤੇ ਨਾਟ ਨਿਰਦੇਸ਼ਕ ਸੰਜੀਵਨ ਸਿੰਘ ਨੇ ਬੀ ਜੇ ਪੀ ਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਵੱਲੋਂ ਰੰਗਕਰਮੀਆਂ ਅਤੇ ਕਲਕਾਰਾਂ ਦੇ ਪਵਿੱਤਰ ਸਥਾਨ ਟੈਗੋਰ ਥੀਏਟਰ ਦੀ ਤੌਹੀਨ ਕਰਨ ਨੂੰ ਨਿੰਦਣਯੋਗ ਅਤੇ ਅਫਸੋਸਨਾਕ ਕਹਿੰਦਿਆ ਕਿਹਾ ਕਿ ਜਾਖੜ ਸਹਿਬ ਨੇ ਟੈਗੋਰ ਥੀਏਟਰ ਜਾਣ ਦਾ ਸੱਦਾ ਇਸ ਕਰਕੇ ਠੁਕਰਾ ਦਿੱਤਾ ਕਿ ਥੀਏਟਰਾਂ ਵਿਚ ਸਿਰਫ ਨੋਟੰਕੀ, ਡਰਾਮੇ ਤੇ ਕਾਮੇਡੀ ਹੁੰਦੀ ਹੈ।ਸੰਜੀਵਨ ਨੇ ਕਿਹਾ ਕਿ ਟੈਗੋਰ ਥੀਏਟਰ ਵਰਗੇ ਆਡੀਟੋਰੀਅਮਾਂ ਵਿਚ ਅਵਾਮ ਨੂੰ ਸੁਚੇਤ ਅਤੇ ਜਾਗਰੁਕ ਕਰਨ ਲਈ ਨਾਟਕ ਹੁੰਦੇ ਹਨ। ਲੋਕਾਂ ਨੂੰ ਆਪਣੇ ਅਮੀਰ ਤੇ ਨਿਰੋਏ ਵਿਰਸੇ ਤੋਂ ਜਾਣੂੰ ਕਰਵਾਇਆ ਜਾਂਦਾ ਹੈ। ਟੈਗੋਰ ਥੀਏਟਰ ਰੰਗਕਰਮੀਆ ਤੇ ਕਲਾਕਾਰਾਂ ਦਾ ਪ੍ਰਵਿੱਤਰ ਸਥਾਨ ਹੈ।ਉਹ ਇਸ ਦੀ ਪੂਜਾ ਕਰਦੇ ਹਨ।ਉਨਾਂ ਕਿਹਾ ਕਿ ਨੋਟੰਕੀ, ਡਰਾਮੇ ਤੇ ਕਾਮੇਡੀ ਟੈਗੋਰ ਥੀਏਟਰ ਵਿਚ ਨਹੀਂ ਸਗੋਂ ਵਿਧਾਨ ਸਭਾ ਤੇ ਪਾਰਲੀਮੈਂਟ ਵਿਚ ਰਾਜਨੀਤਕ ਲੋਕ ਕਰਦੇ ਹਨ। ਉਨਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਵੱਲੋਂ ਐਸ.ਵਾਈ.ਐਲ ਦੇ ਮੁੱਦੇ ’ਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੂੰ ਖੁੱਲੀ ਬਹਿਸ ਲਈ ਸਮਾਗਮ ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਕਰਵਾਉਂਣ ਲਈ ਚੰਡੀਗੜ੍ਹ ਪ੍ਰਸ਼ਾਸ਼ਨ ਤੋਂ ਮੰਗ ਕਰਨ ’ਤੇ ਟੈਗੋਰ ਥੀਏਟਰ ਦੇ ਮਨੈਜਰ ਵੱਲੋਂ ਇਹ ਕਹਿ ਕੇ ਇਨਕਾਰ ਕਰਨਾ ਕਿ ਜਦੋ ਤੋਂ ਟੈਗੋਰ ਥੀਏਟਰ ਬਣਿਆ ਹੈ ਕਦੇ ਵੀ ਧਾਰਮਿਕ ਜਾਂ ਰਾਜਨੀਤਿਕ ਸਮਾਗਮ ਨਹੀਂ ਹੋਇਆ।ਉਨਾਂ ਟੈਗੋਰ ਥੀਏਟਰ ਦੇ ਮਨੈਜਰ ਵੱਲੋਂ ਲਏ ਫੈਸਲਾ ਨੂੰ ਸ਼ਲਾਘਾਯੋਗ ਤੇ ਦਲੇਰਾਨਾ ਕਰਾਰ ਦਿੰਦੇ ਕਿਹਾ ਹੈ ਕਿ ਭਵਿੱਖ ਵਿਚ ਵੀ ਇਹ ਪ੍ਰਥਾ ਕਾਈਮ ਰਹਿਣ ਦੀ ਉਮੀਦ ਹੈ।ਸੰਜੀਵਨ ਨੇ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਕਿ ਐਸ.ਵਾਈ.ਐਲ ਵਰਗੇ ਗੰਭੀਰ ਤੇ ਸੰਵੇਦਨਸ਼ੀਲ ਮੁੱਦੇ ’ਤੇ ਬਹਿਸ ਵਿਧਾਨ ਸਭਾ ਵਿਚ ਕਿਉਂ ਨਹੀਂ ਹੋ ਸਕਦੀ।