ਕਾਂਗਰਸ ਪਾਰਟੀ ਦੇ ਇੰਚਾਰਜ ਦੇਵੇਂਦਰ ਯਾਦਵ ਵੱਲੋਂ ਸੀਨੀਅਰ ਆਗੂਆਂ ਨਾਲ ਮੀਟਿੰਗ 

ਚੰਡੀਗੜ੍ਹ, 09 ਜਨਵਰੀ : ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਨਵੇਂ ਨਿਯੁਕਤ ਕੀਤੇ ਗਏ ਇੰਚਾਰਜ ਦੇਵੇਂਦਰ ਯਾਦਵ ਵੱਲੋਂ ਅੱਜ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਕੀਤੀ। ਮੀਟਿੰਗ ‘ਚ ਸ਼ਾਮਲ ਹੋਣ ਸਮੇਂ ਇੰਚਾਰਜ ਦੇਵੇਂਦਰ ਯਾਦਵ ਨਾਲ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਪੁੱਜੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੇਵੇਂਦਰ ਯਾਦਵ ਨੇ ਕਿਹਾ ਕਿ ਉਹ ਪਾਰਟੀ ਆਗੂਆਂ ਨਾਲ ਮੀਟਿੰਗ ਕਰਨ ਜਾ ਰਹੇ ਹਨ, ਜਿਸ ਤੋਂ ਬਾਅਦ ਹੀ ਉਹ ਗੱਲ ਕਰਨਗੇ। ਕੁੱਝ ਆਗੂਆਂ ਤੋਂ ਪਤਾ ਲੱਗਾ ਹੈ ਕਿ ਮੀਟਿੰਗ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਦਿੱਤਾ ਗਿਆ ਸੀ, ਤਾਂ ਕਿ ਪ੍ਰਧਾਨ ਵੜਿੰਗ, ਪ੍ਰਤਾਪ ਬਾਜਵਾ ਅਤੇ ਨਵਜੋਤ ਸਿੰਘ ਸਿੱਧੂ ਨੁ ਇੱਕਠੇ ਬਿਠਾ ਕੇ ਉਹਨ੍ਹਾਂ ਦੇ ਮਤਭੇਦ ਦੂਰ ਕੀਤੇ ਜਾ ਸਕਣ। ਪਰ ਸਿੱਧੂ ਦੇ ਕਰੀਬੀਆਂ ਨੇ ਉਨ੍ਹਾਂ ਨੂੰ ਰੈਲੀ ਵਿੱਚ ਜਾਣ ਲਈ ਕਿਹਾ ਗਿਆ।

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨਵਜੋਤ ਸਿੰਘ ਸਿੱਧੂ ਦੀ ਵੱਖਰੀ ਰੈਲੀ ਕਰਨ ਨੂੰ ਗਲਤ ਮੰਨਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਗੱਲਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜਦੋਂ ਉਹ ਖ਼ੁਦ ਰਾਜਸਥਾਨ ਦੇ ਇੰਚਾਰਜ ਸਨ ਤਾਂ ਪਾਰਟੀ ਲਾਈਨ ਤੋਂ ਭਟਕਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਸਨ। ਸਾਨੂੰ ਪਹਿਲਾਂ ਪਾਰਟੀ ਦੀ ਗੱਲ ਕਰਨੀ ਚਾਹੀਦੀ ਹੈ। ਫਿਰ ਸਾਨੂੰ ਕਿਸੇ ਹੋਰ ਬਾਰੇ ਗੱਲ ਕਰਨੀ ਚਾਹੀਦੀ ਹੈ, ਹਾਲਾਂਕਿ ਉਨ੍ਹਾਂ ਮੀਡੀਆ ਨੂੰ ਕਿਹਾ ਕਿ ਉਹ ਸਿੱਧੂ ਬਾਰੇ ਉਨ੍ਹਾਂ ਨੂੰ ਸਵਾਲ ਨਾ ਕਰਨ। ਸਿੱਧੂ ਨਾਲ ਸਬੰਧ ਚੰਗੇ ਨਹੀਂ ਹਨ। ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਸੋਮਵਾਰ ਨੂੰ ਅੰਮ੍ਰਿਤਸਰ ਪੁੱਜੇ। ਉੱਥੇ ਉਨ੍ਹਾਂ ਨੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਦਾ ਸਵਾਗਤ ਕਰਨ ਲਈ ਨਵਜੋਤ ਸਿੱਧੂ ਵੀ ਪਹੁੰਚੇ ਸਨ। ਹਾਲਾਂਕਿ ਇਸ ਦੌਰਾਨ ਵੀ ਉਨ੍ਹਾਂ ਦੀ ਪੰਜਾਬ ਪ੍ਰਧਾਨ ਰਾਜਾ ਵੜਿੰਗ ਅਤੇ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਬਾਜਵਾ ਨਾਲ ਦੂਰੀ ਦੇਖਣ ਨੂੰ ਮਿਲੀ। ਇੱਥੇ ਰਾਜਾ ਵੜਿੰਗ ਨੇ ਉਨ੍ਹਾਂ ਦਾ ਨਾਂ ਲਏ ਬਿਨਾਂ ਸਿੱਧੂ ਨੂੰ ਅਨੁਸ਼ਾਸਨ ਵਿਚ ਰਹਿਣ ਦੀ ਸਲਾਹ ਦਿੱਤੀ, ਜਦਕਿ ਸਿੱਧੂ ਨੇ ਕਿਹਾ ਕਿ ਉਹ ਸਿਰਫ ਪਾਰਟੀ ਨੂੰ ਮਜ਼ਬੂਤ ​​ਕਰਨ ਲਈ ਕੰਮ ਕਰ ਰਹੇ ਹਨ। ਓਧਰ ਜੇ ਗੱਲ ਨਵਜੋਤ ਸਿੱਧੂ ਦੀ ਕਰੀਏ ਤਾਂ ਪੰਜਾਬ ਕਾਂਗਰਸ ਦੇ ਆਗੂਆਂ ਦੇ ਵਿਰੋਧ ਦਰਮਿਆਨ ਸਿੱਧੂ ਦੀ ਇਹ ਤੀਜੀ ਰੈਲੀ ਹੈ। ਉਨ੍ਹਾਂ ਨੇ ਆਪਣੀ ਪਹਿਲੀ ਰੈਲੀ ਬਠਿੰਡਾ ਦੇ ਪਿੰਡ ਮਹਿਰਾਜ ਵਿਚ ਕੀਤੀ। ਉਦੋਂ ਕਾਂਗਰਸ ਵਿਧਾਇਕ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਸਿੱਧੂ ਨੂੰ ਆਪਣਾ ਵੱਖਰਾ ਅਖਾੜਾ ਨਹੀਂ ਬਣਾਉਣਾ ਚਾਹੀਦਾ। ਇਸ ਦੌਰਾਨ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਸਾਰਿਆਂ ਨੂੰ ਅਨੁਸ਼ਾਸਨ ਵਿਚ ਰਹਿਣਾ ਪਵੇਗਾ ਨਹੀਂ ਤਾਂ ਪਾਰਟੀ ਛੱਡਣੀ ਪਵੇਗੀ। ਇਸ ਤੋਂ ਬੇਖ਼ਬਰ ਸਿੱਧੂ ਨੇ ਮੁੜ ਬਠਿੰਡਾ ਦੇ ਕੋਟਸ਼ਮੀਰ ਵਿਚ ਰੈਲੀ ਕੀਤੀ ਤੇ ਅੱਜ ਤੀਜੀ ਰੈਲੀ ਹੁਸ਼ਿਆਰਪੁਰ ਵਿਚ ਕੀਤੀ।