ਵਕੀਲ ਨਾਲ ਅਣਮਨੁੱਖੀ ਤਸ਼ੱਦਦ ਦਾ ਮਾਮਲਾ, ਮਨਦੀਪ ਸਿੱਧੂ ਦੀ ਅਗਵਾਈ 'ਚ ਐਸਆਈਟੀ ਦਾ ਗਠਨ

ਚੰਡੀਗੜ੍ਹ, 27 ਸਤੰਬਰ : ਮੁਕਤਸਰ ਵਿੱਚ ਪੁਲਿਸ ਹਿਰਾਸਤ ਵਿੱਚ ਵਕੀਲ ਨਾਲ ਅਣਮਨੁੱਖੀ ਵਿਵਹਾਰ ਕਰਨ ਵਾਲੇ ਐਸਪੀ ਰਮਨਦੀਪ ਸਿੰਘ ਭੁੱਲਰ, ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਰਮਨ ਕੁਮਾਰ ਅਤੇ ਸੀਨੀਅਰ ਕਾਂਸਟੇਬਲ ਹਰਬੰਸ ਸਿੰਘ ਨੂੰ ਜ਼ਿਲ੍ਹਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਥੇ ਹੀ ਦੂਜੇ ਪਾਸੇ ਏਆਈਜੀ (ਇਨਵੈਸਟੀਗੇਸ਼ਨ) ਪੰਜਾਬ ਨੇ ਮੁਕਤਸਰ ਦੇ ਥਾਣਾ ਸਿਟੀ ਵਿੱਚ ਵਕੀਲ ਅਤੇ ਪੁਲੀਸ ਅਧਿਕਾਰੀਆਂ ਖ਼ਿਲਾਫ਼ ਦਰਜ ਹੋਏ ਕੇਸ ਦੀ ਜਾਂਚ ਲਈ ਚਾਰ ਅਧਿਕਾਰੀਆਂ ’ਤੇ ਆਧਾਰਿਤ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਹੈ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੂੰ SIT ਦਾ ਮੁਖੀ ਬਣਾਇਆ ਗਿਆ ਹੈ। ਜਦਕਿ ਹਰਮੀਤ ਸਿੰਘ ਹੁੰਦਲ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਇਨਵੈਸਟੀਗੇਸ਼ਨ) ਲੁਧਿਆਣਾ, ਸੋਹੇਲ ਕਾਸਿਮ ਮੀਰ ਏਡੀਸੀਪੀ-2 ਕਮਿਸ਼ਨਰੇਟ ਲੁਧਿਆਣਾ ਅਤੇ ਸੰਗਰੂਰ ਦੇ ਐਸਪੀ (ਇਨਵੈਸਟੀਗੇਸ਼ਨ) ਪਲਵਿੰਦਰ ਸਿੰਘ ਚੀਮਾ ਟੀਮ ਦੇ ਮੈਂਬਰ ਹੋਣਗੇ।