ਚੰਡੀਗੜ੍ਹ ‘ਚ ਅੱਜ ਤੋਂ ਕਾਰਨੀਵਲ ਫੈਸਟੀਵਲ ਸ਼ੁਰੂ

  • ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਕਰਨਗੇ 3 ਦਿਨਾਂ ਮੇਲੇ ਦਾ ਉਦਘਾਟਨ
  • ਟ੍ਰੈਫਿਕ ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ

ਚੰਡੀਗੜ੍ਹ, 24 ਨਵੰਬਰ : ਲੇਜ਼ਰ ਵੈਲੀ, ਸੈਕਟਰ-10, ਚੰਡੀਗੜ੍ਹ ਵਿਖੇ ਅੱਜ ਤੋਂ ਤਿੰਨ ਰੋਜ਼ਾ ਕਾਰਨੀਵਲ ਸ਼ੁਰੂ ਹੋ ਰਿਹਾ ਹੈ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੁਪਹਿਰ 12 ਵਜੇ ਕਾਰਨੀਵਲ ਦਾ ਉਦਘਾਟਨ ਕਰਨਗੇ। ਉਹ ਕਾਰਨੀਵਲ ਪਰੇਡ ਅਤੇ ਵਿਕਾਸ ਭਾਰਤ ਸੰਕਲਪ ਯਾਤਰਾ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਤਿੰਨ ਦਿਨ ਚੱਲਣ ਵਾਲੇ ਇਸ ਸਮਾਗਮ ਲਈ ਚੰਡੀਗੜ੍ਹ ਪੁਲਿਸ ਨੇ ਵਾਹਨ ਪਾਰਕਿੰਗ ਅਤੇ ਪਿਕ ਡਰਾਪ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਸੈਕਟਰ-10 ਦੇ ਆਲੇ-ਦੁਆਲੇ ਤਿੰਨ ਦਿਨਾਂ ਤੱਕ ਟ੍ਰੈਫਿਕ ਜਾਮ ਹੋ ਸਕਦਾ ਹੈ। ਇਸ ਲਈ ਪੁਲੀਸ ਨੇ ਆਮ ਲੋਕਾਂ ਨੂੰ ਇੱਥੇ ਆਉਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ।ਕਾਰਨੀਵਲ ਫੈਸਟੀਵਲ ਨੂੰ ਲੈ ਕੇ ਚੰਡੀਗੜ੍ਹ ਟਰੈਫਿਕ ਪੁਲਸ ਵੱਲੋਂ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ। ਪੁਲਿਸ ਨੇ ਲੋਕਾਂ ਦੇ ਵਾਹਨ ਪਾਰਕ ਕਰਨ ਲਈ ਜਗ੍ਹਾ ਨਿਰਧਾਰਤ ਕੀਤੀ ਹੈ। ਟੈਕਸੀਆਂ ਅਤੇ ਆਟੋ ਲਈ ਵੀ ਪਿਕ ਐਂਡ ਡਰਾਪ ਪੁਆਇੰਟ ਬਣਾਏ ਗਏ ਹਨ। ਇਸ ਵਿੱਚ ਸੈਕਟਰ-9 ਚੰਡੀਗੜ੍ਹ ਅਤੇ ਸਲਿਪ ਰੋਡ ਬੈਕ ਸਾਈਡ ਸਕੇਟਿੰਗ ਰਿੰਗ ਸੈਕਟਰ-10 ਦੇ ਪਿੱਛੇ ਦਫ਼ਤਰ ਰੱਖੇ ਗਏ ਹਨ। ਇਸ ਵਾਰ ਦਾ ਕਾਰਨੀਵਲ ਬੱਚਿਆਂ ਲਈ ਖਾਸ ਹੋਣ ਵਾਲਾ ਹੈ, ਕਿਉਂਕਿ ਇਸ ਦੀ ਸਜਾਵਟ ਕੈਂਡੀ ਲੈਂਡ ਥੀਮ ‘ਤੇ ਕੀਤੀ ਗਈ ਹੈ। ਇਸ ਸਬੰਧੀ ਸਾਰੇ ਵਿਭਾਗਾਂ ਨੇ ਤਿਆਰੀਆਂ ਕਰ ਲਈਆਂ ਹਨ। ਕਾਰਨੀਵਲ ਵਿੱਚ ਤਿੰਨ ਦਿਨ ਸੰਗੀਤਕ ਰਾਤਾਂ ਹੋਣਗੀਆਂ। ਇਸ ਵਿੱਚ ਸ਼ੁੱਕਰਵਾਰ ਨੂੰ ਹਿਮਾਚਲ ਪੁਲਿਸ ਆਰਕੈਸਟਰਾ ਬੈਂਡ, ਸ਼ਨੀਵਾਰ ਨੂੰ ਕੈਲਾਸ਼ ਖੇਰ ਅਤੇ ਐਤਵਾਰ ਨੂੰ ਬੱਬੂ ਮਾਨ ਲੋਕਾਂ ਦਾ  ਸੰਗੀਤ ਦੇ ਮਾਧਿਅਮ ਨਾਲ ਮਨੋਰੰਜਨ ਕਰਨਗੇ।