ਭਾਈ ਬਲਵਿੰਦਰ ਸਿੰਘ ਜਟਾਣੇ ਦੀ ਆਦਮ ਕੱਦ ਤਸਵੀਰ ਪੰਜਾਬ ਦੀ ਅਸੈਂਬਲੀ ਵਿੱਚ ਲਾਈ ਜਾਵੇ : ਭਾਈ ਮੋਹਕਮ ਸਿੰਘ

  • ਪੰਥਕ ਆਗੂ ਭਾਈ ਮੋਹਕਮ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤੀ ਇਹ ਅਪੀਲ

ਚੰਡੀਗੜ੍ਹ, 11 ਅਕਤੂਬਰ : ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਜ਼ਦੀਕੀ ਸਾਥੀ ਤੇ ਵੱਡੇ ਪੰਥਕ ਆਗੂ ਭਾਈ ਮੋਹਕਮ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਪੰਜਾਬ ਦੇ ਪਾਣੀਆਂ ਦੇ ਰਖਵਾਲੇ ਭਾਈ ਬਲਵਿੰਦਰ ਸਿੰਘ ਜਟਾਣਾਂ ਦੀ ਆਦਮ ਕੱਦ ਤਸਵੀਰ ਪੰਜਾਬ ਦੀ ਅਸੰਬਲੀ ਦੀ ਗੈਲਰੀ ਵਿੱਚ ਲਾਈ ਜਾਵੇ। ਉਹਨਾਂ ਮੁੱਖ ਮੰਤਰੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਪਰ ਹੁਣ ਤੁਸੀਂ ਪੰਜਾਬ ਦੀ ਪਹਿਰੇਦਾਰੀ ਕਰਦੇ ਹੋਏ ਆਪਣੀ ਬਲੀ ਦੇ ਕੇ ਵੀ ਪੰਜਾਬ ਦੇ ਪਾਣੀਆਂ ਦੀ ਰਾਖੀ ਕਰੋ। ਇਹ ਤੁਹਾਡੇ ਲਈ ਇਮਤਿਹਾਨ ਦੀ ਘੜੀ ਹੈ । ਉਹਨਾਂ ਕਿਹਾ ਜਿਹੜੇ ਕਾਂਗਰਸੀ ਤੇ ਬਾਦਲ ਕੇ ਪਾਣੀਆਂ ਦੇ ਮਸਲੇ ਤੇ ਮਗਰ ਮੱਛ ਦੇ ਹੰਝੂ ਵਹਾ ਰਹੇ ਹਨ। ਇਹਨਾਂ ਸਿਆਸੀ ਦੋਵਾਂ ਜਮਾਤਾਂ ਨੇ ਪੰਜਾਬ ਦੇ ਪਾਣੀਆਂ ਦੇ ਮਸਲੇ ਤੇ ਆਪਣੇ ਨਿੱਜੀ ਤੇ ਸਿਆਸੀ ਹਿੱਤਾਂ ਲਈ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਕੇ ਸ਼ਹੀਦਾਂ ਦੇ ਖੂਨ ਤੇ ਕੁਰਸੀਆਂ ਡਾਹੀਆਂ ਹਨ। ਜਿਵੇਂ ਸਾਬਕਾ ਮੁੱਖ ਮੰਤਰੀ ਸ ਦਰਬਾਰਾ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਘੁਰਕੀ ਤੇ ਸੁਪਰੀਮ ਕੋਰਟ ਵਿੱਚੋਂ ਪੰਜਾਬ ਦੇ ਪਾਣੀਆਂ ਦਾ ਕੇਸ ਵਾਪਿਸ ਲੈ ਕੇ ਪੰਜਾਬ ਦੀ ਬਰਬਾਦੀ ਦਾ ਮੁੱਢ ਬੰਨ੍ਹਿਆ ਸੀ ਤੇ ਇਸ ਤੋਂ ਕੇਂਦਰ ਦੀ ਕਾਂਗਰਸ ਸਰਕਾਰ ਨੇ ਕਿਸੇ ਵੀ ਪੰਜਾਬ ਦੇ ਕਾਂਗਰਸੀਆਂ ਨੂੰ ਚੂੰ ਨਹੀਂ ਕਰਨ ਦਿੱਤੀ।ਇਸ ਤੋਂ ਬਾਅਦ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਸ ਸਮੇਂ ਦੇ ਹਰਿਆਣੇ ਦੇ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਤੋਂ ਦੋ ਕ੍ਰੋੜ ਰੁਪਏ ਦੇ ਕੇ ਪੰਜਾਬ ਦੇ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਵਾਏ ਸਨ ਤੇ ਪੰਜਾਬ ਦੇ ਨਾਲ਼ ਗਦਾਰੀ ਵਜੋਂ ਚੌਧਰੀ ਦੇਵੀ ਲਾਲ ਨੇ ਬਾਦਲਾਂ ਨੂੰ ਹੋਟਲ ਬਨਾਉਣ ਲਈ ਕੌਡੀਆਂ ਦੇ ਭਾਅ ਜ਼ਮੀਨ ਗੁੜਗਾਉਂ ਵਿੱਚ ਦਿੱਤੀ ਸੀ ਜਿਥੇ ਅੱਜਕਲ੍ਹ ਬਾਦਲਾਂ ਦਾ ਗੁੜਗਾਉਂ ਵਿੱਚ ਹੋਟਲ ਸਥਿੱਤ ਹੈ।ਇਸੇ ਤਰ੍ਹਾਂ ਅਕਾਲੀਆਂ ਨੇ ਰਾਜੀਵ ਲੋਂਗੋਵਾਲ ਸਮਝੌਤੇ ਵਿੱਚ ਸਤਲੁਜ ਜਮਨਾ ਲਿੰਕ ਨਹਿਰ ਕੱਢਣ ਦਾ ਲਿਖਤੀ ਸਮਝੌਤਾ ਕਰਕੇ ਪੰਜਾਬ ਨਾਲ਼ ਗਦਾਰੀ ਕੀਤੀ ਸੀ। ਉਹਨਾਂ ਕਿਹਾ ਅਕਾਲੀ ਤਾਂ ਕਪੂਰੀ ਮੋਰਚੇ ਤੋਂ ਹੱਥ ਖੜ੍ਹੇ ਕਰਕੇ ਭੱਜ ਗਏ ਸਨ। ਉਹਨਾਂ ਕਿਹਾ ਕੋੜਾ ਸੱਚ ਹੈ ਕਿ ਪੰਜਾਬ ਦੇ ਪਾਣੀਆਂ ਦੀ ਲੜਾਈ ਸਿਰਫ਼ ਤੇ ਸਿਰਫ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਦੀ ਧਿਰ ਤੇ ਖਾੜਕੂਆਂ ਨੇ ਹੀ ਲੜੀ ਹੈ । ਜਿਸ ਦੀ ਬਦੌਲਤ ਇਹ ਸਤਲੁਜ ਜਮਨਾ ਲਿੰਕ ਨਹਿਰ ਅੱਜ ਤੱਕ ਕੇਂਦਰ ਸਰਕਾਰ ਦੇ ਡੰਡੇ ਦੇ ਬਾਵਜੂਦ ਵੀ ਨਹੀਂ ਬਣ ਸਕੀ। ਬਿਆਨ ਦੇ ਅਖੀਰ ਵਿਚ ਭਾਈ ਮੋਹਕਮ ਸਿੰਘ ਕਿਹਾ ਜੋ ਕਾਂਗਰਸੀ ਤੇ ਅਕਾਲੀ ਸ਼ਰਤਾਂ ਤਹਿਤ ਬਹਿਸ ਕਰਨ ਲਈ ਕਹਿ ਰਹੇ ਹਨ ਇਹ ਸਿਰਫ ਆਪਣੀਆਂ ਗਦਾਰੀਆਂ ਨੂੰ ਲੁਕਾਉਣ ਲਈ ਇਹ ਸ਼ਰਤਾਂ ਲਾ ਰਹੇ ਹਨ।