ਆਪ ਸਰਕਾਰ ਸਾਰੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਦਰਕਿਨਾਰ ਕਰਕੇ ਕੇਂਦਰ ਸਰਕਾਰ ਦੇ ਪ੍ਰੋਜੈਕਟਾਂ ਦਾ ਸਿਹਰਾ ਆਪਣੇ ਸਿਰ ਲੈ ਰਹੀ ਹੈ : ਕੇਂਦਰੀ ਮੰਤਰੀ ਪ੍ਰਕਾਸ਼

ਚੰਡੀਗੜ੍ਹ, 20 ਨਵੰਬਰ : ਕੇਂਦਰ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਆਖਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਹੁਸਿ਼ਆਰਪੁਰ ਅਤੇ ਕਪੂਰਥਲਾ ਦੇ ਮੈਡੀਕਲ ਕਾਲਜਾਂ ਲਈ 467 ਕਰੋੜ ਰੁਪਏ 60—40 ਦੇ ਅਨੁਪਾਤ ਅਨੁਸਾਰ ਪੰਜਾਬ ਨੂੰ ਜਾਰੀ ਕਰ ਦਿੱਤੇ ਹੋਏ ਹਨ, ਪਰ ਸੂਬਾ ਸਰਕਾਰ ਨੇ ਇੰਨ੍ਹਾਂ ਪ੍ਰੋਜੈਕਟਾਂ ਨੂੰ ਛੇਤੀ ਪੂਰਾ ਕਰਨ ਵਿਚ ਰੂਚੀ ਨਹੀਂ ਵਿਖਾਈ ਹੈ। ਦੂਜੇ ਪਾਸੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਸਵਰਨ ਧੂੰਨ ਦੇ ਪਰਿਵਾਰਕ ਮੈਂਬਰ ਦਾ ਨਾਂਅ ਨਸ਼ਾ ਤਸਕਰੀ ਵਿਚ ਆਉਣ ਤੇ ਆਪਣੀ ਪਾਰਟੀ ਦੀ ਪੱਖ ਸੱਪਸ਼ਟ ਕਰਨ ਦੀ ਚੁਣੌਤੀ ਦਿੱਤੀ ਹੈ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਆਖਿਆ ਹੈ ਕਿ ਆਪ ਸਰਕਾਰ ਸਾਰੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਦਰਕਿਨਾਰ ਕਰਕੇ ਕੇਂਦਰ ਸਰਕਾਰ ਦੇ ਪ੍ਰੋਜੈਕਟਾਂ ਦਾ ਸਿਹਰਾ ਵੀ ਆਪਣੇ ਸਿਰ ਲੈ ਰਹੀ ਹੈ, ਜਦ ਕਿ ਸੂਬਾ ਸਰਕਾਰ ਨੇ ਇਕ ਵੀ ਵੱਡਾ ਪ੍ਰੋਜੈਕਟ ਖੁਦ ਪੂਰਾ ਨਹੀਂ ਕੀਤਾ ਹੈ। ਪਾਰਟੀ ਹੈਡ ਕੁਆਰਟਰ ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੋਮ ਪਰਕਾਸ਼ ਅਤੇ ਸੁਨੀਲ ਜਾਖੜ ਨੇ ਕਿਹਾ ਕਿ ਆਪ ਸਰਕਾਰ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੀ ਹੈ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਕੋਸਿ਼ਸਾਂ ਕਰ ਰਹੀ ਹੈ। ਸੁਨੀਲ ਜਾਖੜ ਨੇ ਇਸ ਮੌਕੇ ਆਪ ਦੇ ਵਿਧਾਇਕ ਸਵਰਨ ਸਿੰਘ ਧੂੰਨ ਖਿਲਾਫ ਸਾਲ 2002 ਵਿਚ ਹਰੀਕੇ ਥਾਣੇ ਵਿਚ ਤਸਕਰੀ ਦੇ ਮਾਮਲੇ ਦੀ ਦਰਜ ਐਫਆਈਆਰ ਦੀ ਕਾਪੀ ਵਿਖਾਉਂਦਿਆਂ ਕਿਹਾ ਕਿ ਅੱਜ ਵਿਧਾਇਕ 1 ਕਿਲੋ ਹੈਰੋਇਨ ਨਾਲ ਫੜੇ ਆਪਣੀ ਰਿਸਤੇਦਾਰ ਨਾਲ ਸੰਬਧਾਂ ਤੋਂ ਇਨਕਾਰੀ ਹੋ ਰਹੇ ਹਨ ਪਰ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਕੀ ਉਹ ਦੱਸਣਗੇ ਕਿ ਉਨ੍ਹਾਂ ਦੇ ਵਿਧਾਇਕ ਤੇ ਇਸੇ ਰਿਸਤੇਦਾਰ ਖਿਲਾਫ ਪਹਿਲਾਂ ਵੀ ਐਫਆਈਆਰ ਦਰਜ ਹੋ ਚੁੱਕੀ ਹੈ ਜਾਂ ਨਹੀ । ਜਾਖੜ ਨੇ ਕਿਹਾ ਕਿ ਰਾਜ ਵਿਚ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋਈ ਪਈ ਪਰ ਸੂਬੇ ਦੇ ਮੁੱਖ ਮੰਤਰੀ ਆਪਣੀਆਂ ਮਸ਼ਹੂਰੀਆਂ ਵਿਚ ਰੁਝੇ ਹੋਏ ਹਨ।ਉਨ੍ਹਾਂ ਨੇ ਕਿਹਾ ਕਿ ਸੂਬੇ ਨੂੰ ਜਦੋਂ ਚੰਗੀ ਸਰਕਾਰ ਦੀ ਜਰੂਰਤ ਹੈ ਤਾਂ ਮੁੱਖ ਮੰਤਰੀ ਲੋਕ ਦੇ ਟੈਕਸਾਂ ਦੀ ਕਮਾਈ ਨਾਲ ਆਪਣੀ ਇਸਤਿਹਾਰਬਾਜੀ ਕਰ ਰਹੇ ਹਨ। ਜਾਖੜ ਨੇ ਕਿਹਾ ਕਿ 15 ਸਤੰਬਰ ਨੂੰ ਮੁੱਖ ਮੰਤਰੀ ਨੇ ਸਰਕਾਰ ਸਨਅੱਤਕਾਰ ਮਿਲਣੀ ਮੌਕੇ ਸਨਅਤੀ ਫੋਕਲ ਪੁਆਇੰਟਾਂ ਤੇ 14 ਪੁਲਿਸ ਚੌਕੀਆਂ ਬਣਾਉਣ ਦਾ ਐਲਾਨ ਕੀਤਾ ਸੀ, ਪਰ ਅੱਜ ਵੀ ਫਿਰੋਤੀ, ਅਗਵਾ ਅਤੇ ਕਤਲ ਵਰਗੀਆਂ ਘਟਨਾਵਾਂ ਕਾਰਨ ਸਮਾਜ ਦੇ ਹਰ ਵਰਗ ਵਿਚ ਸਹਿਮ ਪਾਇਆ ਜਾ ਰਿਹਾ ਹੈ ਅਤੇ ਵਪਾਰੀ ਵਰਗ ਦਹਿਸਤ ਵਿਚ ਜੀਅ ਰਿਹਾ ਹੈ। ਕੇਂਦਰੀ ਸਕੀਮਾਂ ਦੀ ਗੱਲ ਕਰਦਿਆਂ ਸੋਮ ਪ੍ਰਕਾਸ਼ ਨੇ ਕਿਹਾ ਕਿ 1563 ਕਰੋੜ ਰੁਪਏ ਨਾਲ ਫਗਵਾੜਾ ਮੁਕੇਰੀਆਂ ਸੜਕ ਨੂੰ ਚਹੁੰਮਾਰਗੀ ਕਰਨ ਦਾ ਪ੍ਰੋਜ਼ੈਕਟ ਪ੍ਰਵਾਨ ਹੋਇਆ ਹੈ। ਇਸੇ ਤਰਾਂ 411 ਕਰੋੜ ਰੁਪਏ ਨਾਲ ਤਲਵਾੜਾ ਮੁਕੇਰੀਆਂ ਰੇਲ ਲਿੰਕ ਬਣਨਾ ਹੈ। ਇਸੇ ਤਰਾਂ ਉਨ੍ਹਾਂ ਨੇ ਕਿਹਾ ਕਿ ਆਪ ਸਰਕਾਰ ਜਿਸ ਗੁਰੂ ਰਵਿਦਾਸ ਔਡੀਟੋਰੀਅਮ ਦਾ ਸਿਹਰਾ ਲੈ ਰਹੀ ਹੈ ਉਹ ਤਾਂ ਪਹਿਲਾਂ ਹੀ ਪਿੱਛਲੀ ਅਕਾਲੀ ਭਾਜਪਾ ਤੇ ਕਾਂਗਰਸ ਦੀਆਂ ਸਰਕਾਰਾਂ ਵੇਲੇ ਦਾ ਬਣਿਆ ਹੋਇਆ ਹੈ।