ਆਪ ਸਰਕਾਰ ਨੇ ਪੰਜਾਬ ’ਚ ਅਣਐਲਾਨੀ ਐਮਰਜੰਸੀ ਲਾਗੂ ਕੀਤੀ : ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ 

  • ਮੁੱਖ ਮੰਤਰੀ ਭਗਵੰਤ ਮਾਨ ਸਮਝ ਲੈਣ ਕਿ ਪੰਜਾਬੀਆਂ ਨੂੰ ਤਾਕਤ ਦੀ ਵਰਤੋਂ ਨਾਲ ਦਬਾਇਆ ਨਹੀਂ ਜਾ ਸਕਦਾ: ਪ੍ਰੋ. ਚੰਦੂਮਾਜਰਾ

ਚੰਡੀਗੜ੍ਹ, 3 ਫਰਵਰੀ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਪੰਜਾਬ ਵਿਚ ਅਣਐਲਾਨੀ ਐਮਰਜੰਸੀ ਲਾਗੂ ਕਰ ਦਿੱਤੀ ਹੈ ਅਤੇ ਕਿਸਾਨਾਂ, ਲੋਕਾਂ ਨੂੰ ਪ੍ਰਭਾਵਤ ਕਰਨ ਵਾਲਿਆਂ ਤੇ ਸਿਆਸਤਦਾਨਾਂ ਦੀ ਆਵਾਜ਼ ਕੁਚਲੀ ਜਾ ਰਹੀ ਹੈ ਤੇ ਉਹਨਾਂ ਨੇ ਨਾਗਰਿਕ ਆਜ਼ਾਦੀ ਦੀ ਰਾਖੀ ਵਾਸਤੇ ਸਾਰੇ ਲੋਕਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਆਪ ਸਰਕਾਰ ਨੇ ਲੋਕਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਲਗਾਈ ਐਮਰਜੰਸੀ ਚੇਤੇ ਕਰਵਾ ਦਿੱਤੀ ਹੈ। ਜਿਵੇਂ ਐਮਰਜੰਸੀ ਵੇਲੇ ਹੁੰਦਾ ਸੀ, ਉਸੇ ਤਰੀਕੇ ਮੁੱਖ ਮੰਤਰੀ ਭਗਵੰਤ ਮਾਨ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਦੁਰਵਰਤੋਂ ਕਰ ਕੇ ਵਿਰੋਧੀਆਂ ਦੇ ਨਾਗਰਿਕ ਅਧਿਕਾਰਾਂ ਨੂੰ ਕੁਚਲਣ ’ਤੇ ਲੱਗੇ ਹੋਏ ਹਨ। ਮੀਡੀਆ ਸਮੇਤ ਲੋਕਾਂ ਨੂੰ ਪ੍ਰਭਾਵਤ ਕਰਨ ਵਾਲਿਆਂ ਨੂੰ ਕੁਚਲਿਆ ਜਾ ਰਿਹਾ ਹੈ। ਕਿਸਾਨ ਆਗੂਆਂ ਤੇ ਸਿਆਸਤਦਾਨਾਂ ਨੂੰ ਕਿਤੇ ਵੀ ਜਾਣ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਉਹ ਆਪ ਸਰਕਾਰ ਦੀਆਂ ਵਧੀਕੀਆਂ ਦਾ ਸ਼ਿਕਾਰ ਹੋਣ ਵਾਲਿਆਂ ਨਾਲ ਇਕਜੁੱਟਤਾ ਪ੍ਰਗਟ ਕਰਨਾ ਚਾਹੁੰਦੇ ਹਨ। ਪ੍ਰੋ. ਚੰਦੂਮਾਜਰਾ ਨੈ ਕਿਹਾ ਕਿ ਸਰਕਾਰ ਸੀਨੀਅਰ ਆਗੂਆਂ ਨੂੰ ਘਰਾਂ ਵਿਚ ਨਜ਼ਰਬੰਦ ਕਰ ਰਹੀ ਹੈ ਤੇ ਉਹਨਾਂ ਨੂੰ ਕਿਤੇ ਵੀ ਨਹੀਂ ਜਾਣ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਪੰਜਾਬੀਆਂ ਨੂੰ ਇਸ ਤਰੀਕੇ ਕੁਚਲਿਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਜਿਥੇ ਤੱਕ ਅਕਾਲੀ ਦਲ ਦਾ ਸਵਾਲ ਹੈ, ਇਹ ਹਮੇਸ਼ਾ ਐਮਰਜੰਸੀ ਦੇ ਖਿਲਾਫ ਡਟਿਆ ਹੈ ਅਤੇ ਅਜਿਹੀਆਂ ਕਾਰਵਾਈਆਂ ਨਾਲ ਇਸਨੂੰ ਡਰਾਇਆ ਨਹੀਂ ਜਾ ਸਕਦਾ। ਪ੍ਰੋ. ਚੰਦੂਮਾਜਰਾ ਨੇ ਸਿਆਸੀ ਪਾਰਟੀਆਂ ਸਮੇਤ ਸਹੀ ਸੋਚ ਰੱਖਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਬਚਾਓ ਯਾਤਰਾ ਦੀ ਹਮਾਇਤ ਕਰਨ। ਉਹਨਾਂ ਕਿਹਾ ਕਿ ਇਹ ਯਾਤਰਾ ਆਮ ਆਦਮੀ ਪਾਰਟੀ ਅਤੇ ਪੰਜਾਬ ਤੇ ਪੰਜਾਬੀਅਤ ਵਿਰੋਧੀ ਹੋਰ ਤਾਕਤਾਂ ਨੂੰ ਬੇਨਕਾਬ ਕਰਨ ਵਾਸਤੇ ਕੱਢੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਪੰਜਾਬੀਆਂ ਨੂੰ ਦਬਾਉਣ ਵਾਸਤੇ ਸਾਜ਼ਿਸ਼ ਰਚੀ ਜਾ ਰਹੀ ਹੈ ਤਾਂ ਜੋ ਉਹਨਾਂ ਨੂੰ ਦਿੱਲੀ ਦਾ ਗੁਲਾਮ ਬਣਾਇਆ ਜਾ ਸਕੇ ਪਰ ਪੰਜਾਬਰੀ ਇਹ ਗੱਲ ਕਦੇ ਬਰਦਾਸ਼ਤ ਨਹੀਂ ਕਰਨਗੇ ਅਤੇ ਸ਼੍ਰੋਮਣੀ ਅਕਾਲੀ ਦਲ ਸੂਬੇ ਅਤੇ ਲੋਕਾਂ ਦੀ ਹਿੱਤਾਂ ਦੀ ਰਾਖੀ ਵਾਸਤੇ ਸਭ ਤੋਂ ਮੋਹਰੀ ਹੋ ਕੇ ਲੜਾਈ ਲੜੇਗਾ।