ਭਾਰਤ ਵਿੱਚ ਹੋਣ ਜਾ ਰਹੇ ਬਲਾਈਂਡ ਟੀਮ ਟੀ-20 ਵਿਸ਼ਵ ਕੱਪ 'ਚ ਖੇਡੇਗਾ ਪਾਕਿਸਤਾਨ, ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਤੀ ਮਨਜ਼ੂਰੀ

ਨਿਊ ਦਿੱਲੀ : ਭਾਰਤ ਵਿੱਚ ਹੋਣ ਜਾ ਰਹੇ ਬਲਾਈਂਡ ਟੀਮ ਟੀ-20 ਵਿਸ਼ਵ ਕੱਪ 2022 ਵਿੱਚ ਪਾਕਿਸਤਾਨ ਦੇ ਖਿਡਾਰੀਆਂ ਨੂੰ ਆਖਰਕਾਰ ਭਾਰਤ ਆਉਣ ਦੇ ਲਈ ਵੀਜ਼ਾ ਸਬੰਧੀ ਇਜਾਜ਼ਤ ਮਿਲ ਗਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਭਾਰਤ ਵਿੱਚ ਹੋਣ ਵਾਲੇ ਵਿਸ਼ਵ ਕੱਪ ਲਈ ਪਾਕਿਸਤਾਨ ਬਲਾਈਂਡ ਕ੍ਰਿਕਟ ਟੀਮ ਦੇ 34 ਖਿਡਾਰੀਆਂ ਅਤੇ ਅਧਿਕਾਰੀਆਂ ਨੂੰ ਵੀਜ਼ਾ ਜਾਰੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਹੁਣ ਵਿਦੇਸ਼ ਮੰਤਰਾਲਾ ਟੀਮ ਨੂੰ ਵੀਜ਼ਾ ਜਾਰੀ ਕਰ ਸਕੇਗਾ। ਦਰਅਸਲ, ਇਸ ਤੋਂ ਪਹਿਲਾਂ ਭਾਰਤ ਨੇ ਪਾਕਿਸਤਾਨ ਬਲਾਈਂਡ ਕ੍ਰਿਕਟ ਟੀਮ ਨੂੰ ਭਾਰਤ ਆਉਣ ਲਈ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ । ਇਸ ਨੂੰ ਲੈ ਕੇ ਭਾਰਤ ਬਲਾਈਂਡ ਕ੍ਰਿਕਟ ਫੈਡਰੇਸ਼ਨ ਆਫ਼ ਇੰਡੀਆ ਨੇ ਕਿਹਾ ਸੀ ਕਿ ਪਾਕਿਸਤਾਨ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ। ਉਹ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਨਹੀਂ ਆ ਰਹੇ ਹਨ। ਇਸ ਤੋਂ ਬਾਅਦ ਪਾਕਿਸਤਾਨ ਨੇ ਇਸ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਸਨ । ਪਾਕਿਸਤਾਨ ਬਲਾਈਂਡ ਕ੍ਰਿਕਟ ਕੌਂਸਲ ਨੇ ਕਿਹਾ ਸੀ ਕਿ ਖੇਡਾਂ ਨੂੰ ਖੇਤਰੀ ਰਾਜਨੀਤੀ ਤੋਂ ਉਪਰ ਹੋਣਾ ਚਾਹੀਦਾ ਹੈ ਅਤੇ ਖਾਸ ਤੌਰ ‘ਤੇ ਦਿਵੀਆਂਗ ਵਿਅਕਤੀਆਂ ਦੇ ਮੈਗਾ ਖੇਡ ਆਯੋਜਨਾਂ ਵਿੱਚ ਨਿਰਪੱਖ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ। ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਦੇ 34 ਮੈਂਬਰੀ ਖਿਡਾਰੀਆਂ ਦੇ ਦਲ ਨੂੰ ਵੀਜ਼ਾ ਜਾਰੀ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਵੀਜ਼ਾ ਜਾਰੀ ਕਰਨਾ ਗ੍ਰਹਿ ਮੰਤਰਾਲੇ ਦਾ ਕੰਮ ਨਹੀਂ ਹੈ। ਹੁਣ ਸਬੰਧਤ ਵਿਭਾਗ ਵੀਜ਼ਾ ਜਾਰੀ ਕਰ ਸਕੇਗਾ । ਇਸ ਦੇ ਨਾਲ ਹੀ ਭਾਰਤੀ ਨੇਤਰਹੀਣ ਕ੍ਰਿਕੇਟ ਫੈਡਰੇਸ਼ਨ ਦੇ ਪ੍ਰਧਾਨ ਜੀਕੇ ਮਹੰਤੇਸ਼ ਨੇ ਟਵੀਟ ਕੀਤਾ ਕਿ ਇਹ ਚੰਗੀ ਖ਼ਬਰ ਹੈ ਅਤੇ ਉਮੀਦ ਹੈ ਕਿ ਪਾਕਿਸਤਾਨ ਨੇਤਰਹੀਣ ਕ੍ਰਿਕਟ ਟੀਮ ਜਲਦੀ ਹੀ ਸਾਡੇ ਨਾਲ ਜੁੜ ਜਾਵੇਗੀ। ਉਨ੍ਹਾਂ ਨੇ ਇਸ ਦੇ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ।