- ਕਣਕ ਦੀ ਖਰੀਦ ਲਈ ਮੰਡੀਆਂ 25 ਮਈ ਤੋਂ ਬਾਅਦ ਬੰਦ : ਲਾਲ ਚੰਦ ਕਟਾਰੂਚੱਕ
ਚੰਡੀਗੜ੍ਹ, 23 ਮਈ : ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਸੂਬੇ ਭਰ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਦਾ ਕੰਮ 25 ਮਈ ਤੋਂ ਬੰਦ ਕਰਨ ਦੇ ਹੁਕਮ ਦਿੱਤੇ ਹਨ। ਇਹ ਐਲਾਨ ਸੂਬੇ ਦੀਆਂ ਮੰਡੀਆਂ ਵਿੱਚ ਖਰੀਦ ਸਬੰਧੀ ਕਾਰਜਾਂ ਦੇ ਸਫਲਤਾਪੂਰਵਕ ਸਮਾਪਤੀ ਦਾ ਧਿਆਨ ਨਾਲ ਨਿਰੀਖਣ ਕਰਨ ਉਪਰੰਤ ਕੀਤਾ ਗਿਆ। ਇਨ੍ਹਾਂ ਵੇਰਵਿਆਂ ਨੂੰ ਸਾਂਝਾ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ 1 ਅਪ੍ਰੈਲ ਤੋਂ ਸ਼ੁਰੂ ਹੋਏ ਮੌਜੂਦਾ ਹਾੜੀ ਸੀਜ਼ਨ ਦੌਰਾਨ ਸੂਬੇ ਦੀਆਂ ਮੰਡੀਆਂ ਵਿੱਚ 125.57 ਲੱਖ ਮੀਟਰਕ ਟਨ ਤੋਂ ਵੱਧ ਕਣਕ ਦੀ ਆਮਦ ਹੋਈ ਹੈ। ਇਸ ਵਿੱਚੋਂ ਲਗਭਗ 121.07 ਲੱਖ ਮੀਟਰਕ ਟਨ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਜਦਕਿ ਲਗਭਗ 4.5 ਲੱਖ ਮੀਟਰਕ ਟਨ ਨਿੱਜੀ ਵਪਾਰੀਆਂ ਵੱਲੋਂ ਖਰੀਦ ਕੀਤੀ ਗਈ ਹੈ। ਇਸ ਦੇ ਨਾਲ ਹੀ ਸੂਬੇ ਦੇ 8,09,149 ਕਿਸਾਨਾਂ ਨੂੰ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ 24,693 ਕਰੋੜ ਰੁਪਏ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਵਜੋਂ ਅਦਾ ਕੀਤੇ ਗਏ ਹਨ। ਮੰਡੀਆਂ ਦੇ ਕੰਮਕਾਜ ਬਾਰੇ ਦੱਸਦਿਆਂ ਕਟਾਰੂਚੱਕ ਨੇ ਕਿਹਾ ਕਿ ਸੂਬਾ ਸਰਕਾਰ ਨੇ ਮੌਜੂਦਾ ਹਾੜੀ ਦੇ ਸੀਜ਼ਨ ਦੌਰਾਨ ਸੂਬੇ ਵਿੱਚ 2780 ਮੰਡੀਆਂ ਨੂੰ ਕਾਰਜਸ਼ੀਲ ਕੀਤਾ ਸੀ ਪਰ 10 ਮਈ ਤੋਂ ਸੂਬੇ ਦੇ ਕੁਝ ਹਿੱਸਿਆਂ ਵਿੱਚ ਕਣਕ ਦੀ ਆਮਦ ਵਿੱਚ ਕਮੀ ਆਉਣ ਉਪਰੰਤ ਕੁਝ ਦਿਨ ਪਹਿਲਾਂ 2628 ਮੰਡੀਆਂ ਨੂੰ ਯੋਜਨਾਬੱਧ ਤਰੀਕੇ ਨਾਲ ਬੰਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ 152 ਮੁੱਖ ਮੰਡੀ ਯਾਰਡਾਂ ਵਿੱਚ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ। ਮੰਤਰੀ ਨੇ ਅੱਗੇ ਕਿਹਾ ਕਿ ਭਾਵੇਂ ਖਰੀਦ ਬੰਦ ਕਰਨ ਦੀ ਸਮਾਂ ਸੀਮਾ ਪਹਿਲਾਂ 31 ਮਈ ਰੱਖੀ ਗਈ ਸੀ ਪਰ ਹਾਲ ਹੀ ਦੇ ਦਿਨਾਂ ਵਿੱਚ ਕਣਕ ਦੀ ਆਮਦ ਵਿੱਚ ਕਮੀ ਹੋਣ ਅਤੇ ਸੂਬੇ ਭਰ ਵਿੱਚ ਖਰੀਦ ਕਾਰਜਾਂ ਦੇ ਸਫਲਤਾਪੂਰਵਕ ਨੇਪਰੇ ਚੜ੍ਹਨ ਦੀਆਂ ਰਿਪੋਰਟਾਂ ਨੂੰ ਦੇਖਦਿਆਂ ਸਾਰੀਆਂ ਮੰਡੀਆਂ ਨੂੰ 25 ਮਈ ਤੱਕ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਸਾਨਾਂ ਨੂੰ 25 ਮਈ ਤੱਕ ਸਾਰੀ ਫ਼ਸਲ ਮੰਡੀਆਂ ਵਿੱਚ ਲੈ ਆਉਣ ਲਈ ਵੀ ਕਿਹਾ।