ਅਸੀਂ ਪੜ੍ਹਨ ਤੇ ਪੜ੍ਹਾਉਣ ਦੇ ਪੁਰਾਣੇ ਤਰੀਕਿਆਂ ਨੂੰ ਬਦਲਾਂਗੇ, ਉਹ ਹੁਣ ਕੰਮ ਸ਼ੁਰੂ ਹੋ ਚੁੱਕਿਆ ਹੈ : ਮੁੱਖ ਮੰਤਰੀ ਮਾਨ

  • ਮੁੱਖ ਮੰਤਰੀ ਮਾਨ ਨੇ ਦੱਸਿਆ, ਵਿਦੇਸ਼ ’ਚ ਟ੍ਰੇਨਿੰਗ ਲੈਣ ਜਾਣ ਵਾਲੇ ਪ੍ਰਿੰਸੀਪਲਾਂ ਦੀ ਚੋਣ ਕਿਸ ਢੰਗ ਨਾਲ ਕੀਤੀ ਜਾਂਦੀ ਹੈ

ਚੰਡੀਗੜ੍ਹ, 3 ਮਾਰਚ : ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਸੁਧਾਰਨ ਲਈ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਚੰਡੀਗੜ੍ਹ ਤੋਂ ਸਕੂਲ ਪ੍ਰਿੰਸੀਪਲਾਂ ਦੇ ਦੂਜੇ ਬੈਚ ਨੂੰ ਸਿੰਗਾਪੁਰ ਵਿੱਚ ਸਿਖਲਾਈ ਲਈ ਰਵਾਨਾ ਕੀਤਾ। ਅੱਜ ਸੈਕਟਰ-26 ਸਥਿਤ ਮਹਾਤਮਾ ਗਾਂਧੀ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (ਪੰਜਾਬ) ਤੋਂ ਦੂਜੇ ਬੈਚ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਚੋਣਾਂ ਤੋਂ ਪਹਿਲਾਂ ਜੋ ਲੋਕਾਂ ਨੂੰ ਗਰੰਟੀ ਦਿੱਤੀ ਸੀ ਕਿ, ਬੱਚਿਆਂ ਨੂੰ ਇਕ ਚੰਗੀ ਕੁਆਲਿਟੀ ਦੀ ਸਿੱਖਿਆ ਦਿੱਤੀ ਜਾਵੇਗੀ। ਅਸੀਂ ਪੜ੍ਹਨ ਤੇ ਪੜ੍ਹਾਉਣ ਦੇ ਪੁਰਾਣੇ ਤਰੀਕਿਆਂ ਨੂੰ ਬਦਲਾਂਗੇ, ਉਹ ਹੁਣ ਕੰਮ ਸ਼ੁਰੂ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ 30 ਪ੍ਰਿੰਸੀਪਲਾਂ ਨੂੰ ਟ੍ਰੇਨਿੰਗ ਲਈ ਸਿੰਗਾਪੁਰ ਵਾਸਤੇ ਰਵਾਨਾ ਕੀਤਾ ਗਿਆ ਹੈ। ਜਿਨ੍ਹਾਂ ਦੀ 4 ਮਾਰਚ ਤੋਂ ਟ੍ਰੇਨਿੰਗ ਹੋਵੇਗੀ ਅਤੇ 11 ਮਾਰਚ ਨੂੰ ਵਾਪਸ ਆਉਣਗੇ। ਸਿੰਗਾਪੁਰ ਵਾਸਤੇ ਟ੍ਰੇਨਿੰਗ ਜਾਣ ਲਈ ਪ੍ਰਿੰਸੀਪਲ ਚੋਣ ਪ੍ਰਕਿਰਿਆ ਦੀ ਗੱਲ ਕਰਦਿਆਂ ਕਿਹਾ ਕਿ ਪਾਰਦਰਸ਼ੀ ਢੰਗ ਨਾਲ ਚੋਣ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਕ 5 ਮੈਂਬਰੀ ਕਮੇਟੀ ਪ੍ਰਿੰਸੀਪਲਾਂ ਦੀ ਚੋਣ ਕਰਦੀ ਹੈ। ਉਨ੍ਹਾਂ ਕਿਹਾ ਕਿ ਚੋਣ ਸਮੇਂ ਦੇਖਿਆ ਜਾਂਦਾ ਹੈ ਕਿ ਅਧਿਆਪਕ ਦਾ ਪੜ੍ਹਾਉਣ ਦਾ ਕੀ ਤਰੀਕਾ ਹੈ ਅਤੇ ਪੜ੍ਹਨ ਦਾ ਉਸਦਾ ਕੀ ਤਰੀਕਾ ਹੈ। ਉਨ੍ਹਾਂ ਕਿਹਾ ਕਿ ਚੋਣ ਸਮੇਂ ਇਹ ਵੀ ਧਿਆਨ ਰੱਖਿਆ ਜਾਂਦਾ ਹੈ ਕਿ ਪ੍ਰਿੰਸਪੀਲ ਨੈਸ਼ਨਲ, ਸਟੇਟ ਐਵਾਰਿਡੀ ਨੂੰ ਵੀ ਚੁਣਿਆ ਜਾਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਟ੍ਰੇਨਿੰਗ ਲਈ ਜਾਣ ਵਾਲੇ ਪ੍ਰਿੰਸੀਪਲਾਂ ਨਾਲ ਇਕ ਐਗਰੀਮੈਂਟ ਵੀ ਕਰਦੇ ਹਾਂ ਕਿ ਉਨ੍ਹਾਂ ਦੀ ਡਿਊਟੀ ਕਿਸੇ ਵੀ ਸਕੂਲ ਵਿੱਚ ਲਗਾਈ ਜਾ ਸਕਦੀ ਹੈ, ਇਹ ਨਹੀਂ ਹੈ ਕਿ ਉਸੇ ਸਕੂਲ ਵਿੱਚ ਹੀ ਪੜ੍ਹਾਉਣਗੇ। ਮੀਡੀਆ ਵੱਲੋਂ ਪਹਿਲਾਂ ਬੈਂਚ ਦੌਰਾਨ ਟ੍ਰੇਨਿੰਗ ਲੈ ਕੇ ਵਾਪਸ ਆਏ ਪ੍ਰਿੰਸੀਪਲਾਂ ਦੇ ਤਜ਼ਰਬੇ ਸਬੰਧੀ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਆਪ ਜਾ ਦੇ ਸਕੂਲਾਂ ਵਿੱਚ ਦੇਖੋ, ਅਸੀਂ ਐਡਰੇਸ਼ ਦੇ ਦਿੰਦੇ ਹਾਂ। ਤੁਸੀਂ ਖੁਦ ਜਾ ਕੇ ਚੰਗਾ ਦੇਖ ਸਕਦੇ ਹੋ ਕਿ ਕੋਈ ਬਦਲਾਅ ਆਇਆ ਹੈ ਜਾਂ ਨਹੀਂ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਦਿੱਲੀ ਅਤੇ ਪੰਜਾਬ ਦੇ ਸਕੂਲਾਂ ਦੇ ਪ੍ਰਿੰਸੀਪਲਾਂ ਦਾ ਪਹਿਲਾ ਜੱਥਾ ਸਿੰਗਾਪੁਰ ਤੋਂ ਸਿਖਲਾਈ ਲੈ ਕੇ ਵਾਪਸ ਪਰਤਿਆ ਹੈ। ਇਸ ਬੈਚ ਵਿੱਚ 36 ਸਕੂਲਾਂ ਦੇ ਪ੍ਰਿੰਸੀਪਲ ਸ਼ਾਮਲ ਸਨ। ਇੱਥੇ ਇਹ ਵੀ ਵਰਨਣਯੋਗ ਹੈ ਕਿ ਪੰਜਾਬ ਦੇ ਰਾਜਪਾਲ ਵੱਲੋਂ ਵੀ ਪੰਜਾਬ ਸਰਕਾਰ ਨੂੰ ਇਹ ਪੁੱਛਿਆ ਗਿਆ ਸੀ ਕਿ ਵਿਦੇਸ਼ ਲਈ ਟ੍ਰੇਨਿੰਗ ਜਾਣ ਵਾਸਤੇ ਪ੍ਰਿੰਸੀਪਲਾਂ ਦੀ ਚੋਣ ਕਿਸ ਤਰੀਕੇ ਨਾਲ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਹਾ ਗਿਆ ਸੀ ਕਿ ਉਹ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਹ ਹਨ। ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੋਣ ਦੇ ਤਰੀਕੇ ਸਬੰਧੀ ਵੀ ਗੱਲਬਾਤ ਕੀਤੀ ਗਈ।