- ਮੁੱਖ ਮੰਤਰੀ ਨੇ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ ਸੀ, ਹੁਣ ਜਾਂਚ ਬੰਦ ਹੈ : ਬਲਕੌਰ ਸਿੰਘ ਸਿੱਧੂ
ਮਾਨਸਾ, 14 ਮਈ : ਪੰਜਾਬ ਸਰਕਾਰ ਦੇ ਆਈਟੀ ਵਿੰਗ ਤੇ ਨਿਸ਼ਾਨਾ ਸਾਧਦੇ ਹੋਏ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਇੱਕ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦਾ ਆਈਟੀ ਸੈੱਲ ਇਸ ਹੱਦ ਤੱਕ ਗਿਰ ਚੁੱਕਾ ਹੈ ਕਿ ਉਹ ਸੋਸ਼ਲ ਮੀਡੀਆ ਤੋਂ ਚੁੱਕ ਕੇ ਉਸਦੀ ਫੋਟੋ ਗੁਰਸਿਮਰਨ ਸਿੰਘ ਮੰਡ ਨਾਲ ਜੋੜ ਕੇ ਵਾਇਰਲ ਕਰ ਦਿੱਤੀ ਹੈ ਤੇ ਉਸ ਫੋਟੋ ਤੇ ਲਿਖਿਆ ਹੈ ਸਿੱਖਾਂ ਦਾ ਕਾਤਲ।ਇਸ ਤੋਂ ਇਲਾਵਾ ਰਾਹੁਲ ਗਾਂਧੀ ਦੀ ਫੋਟੋ ਨਾਲ ਉਸਦੀ ਫੋਟੋ ਜੋੜ ਕੇ ਉਸਨੂੰ ਸਿੱਖਾਂ ਦਾ ਕਾਤਲ ਕਿਹਾ ਜਾ ਰਿਹਾ ਹੈ। ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਸਾਨੂੰ ਤਾਂ ਜਿਊਂਦਿਆਂ ਹੀ ਮਾਰ ਦਿੱਤਾ ਹੈ, ਪਰ ਹੁਣ ਸਰਕਾਰ ਹੋਰ ਲੋਕਾਂ ਨੂੰ ਤਾਂ ਬਚਾ ਲਵੇ। ਉਨ੍ਹਾਂ ਕਿਹਾ ਕਿ ਉਹ ਤਾਂ ਉਸ ਦਿਨ ਹੀ ਹਾਰ ਗਏ ਸਨ, ਜਦੋਂ ਉਨ੍ਹਾਂ ਦੇ ਪੁੱਤਰ ਦਾ ਕਤਲ ਹੋਇਆ ਸੀ। ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪੁੱਤ ਦੀ ਸਕਿਊਰਿਟੀ ਸਬੰਧੀ ਲੌਕ ਕਰਨ ਵਾਲਿਆਂ ਨੂੰ ਹੱਥ ਲਗਾਉੇਣ ਤੋਂ ਸਰਕਾਰ ਡਰਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ ਸੀ, ਪਰ ਹੁਣ ਜਾਰੀ ਜਾਂਚ ਹੀ ਬੰਦ ਹੋ ਗਈ ਹੈ। ਬਲਕੌਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸਮੇਤ ਕਿਸੇ ਵੀ ਮੰਤਰੀ ਨੇ ਉਨ੍ਹਾਂ ਨਾਲ ਕੋਈ ਗੱਲ ਨਹੀਂ ਕੀਤੀ ਨਾ ਕੋਈ ਸੰਪਰਕ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਮੰਤਰੀ ਤਾਂ ਹੁਣ ਫੋਨ ਚੁੱਕਣਾ ਵੀ ਬੰਦ ਕਰ ਗਏ ਹਨ, ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਆਪਣੇ ਪੁੱਤ ਦੇ ਇਨਸਾਫ ਲਈ ਜਲੰਧਰ ਜਿਮਨੀ ਚੋਣ ‘ਚ ਜਲੰਧਰ ਜਾ ਕੇ ਪ੍ਰਚਾਰ ਕਰਨਾ ਪਿਆ ਹੈ।ਉਨ੍ਹਾਂ ਕਿਹਾ ਕਿ ਆਪ ਦੇ ਵਰਕਰ ਹੁਣ ਅਜਿਹੀਆਂ ਟਿੱਪਣੀਆਂ ਕਰ ਰਹੇ ਹਨ ਕਿ ਉਨ੍ਹਾਂ ਨੂੰ ਠੇਸ ਪਹੁੰਚਦੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਪੁੱਤ ਦੇ ਇਨਸਾਫ ਲਈ ਲੱਗੇ ਰਹਿਣਗੇ, ਪਿੱਛੇ ਨਹੀਂ ਹਟਣਗੇ। ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਆਪਣੀ ਲੜਾਈ ਆਪ ਲੜ੍ਹਨਗੇ। ਉਨ੍ਹਾਂ ਕਿਹਾ ਕਿ ਉਹ ਅੱਜ ਤੱਕ ਕਿਸੇ ਨੂੰ ਗਲਤ ਨਹੀਂ ਬੋਲੇ, ਪਰ ਆਪ ਦੇ ਕੁੱਝ ਵਰਕਰਾਂ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਜਲੰਧਰ ਚੋਣ ਆਪ 25 ਫੀਸਦੀ ਵੋਟਾਂ ਨਾ ਜਿੱਤੀ ਹੈ, ਪਰ ਯਾਦ ਰਹੇ ਕਿ 65 ਫੀਸਦੀ ਲੋਕ ਹਾਲੇ ਵੀ ਉਨ੍ਹਾਂ ਦੇ ਖਿਲਾਫ ਹਨ। ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਆਪ ਦੇ ਕੁੱਝ ਲੋਕ ਕਹਿ ਰਹੇ ਨੇ ਬਲਕੌਰ ਸਿੰਘ ਨੂੰ ਵਿਦੇਸ਼ਾਂ ਤੋਂ ਪੈਸਾ ਆ ਰਿਹਾ ਹੈ, ਜਿਸ ਦੀ ਸਰਕਾਰ ਜਾਂਚ ਕਰਵਾ ਸਕਦੀ ਹੈ, ਉਨ੍ਹਾਂ ਕਿਹਾ ਕਿ ਇਹ ਕਮਾਈ ਉਨ੍ਹਾਂ ਦੇ ਪੁੱਤਰ ਸਿੱਧੂ ਮੂਸੇਵਾਲਾ ਦੇ ਹੱਕ ਦੀ ਕਮਾਈ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਪੁੱਤ ਦੇ ਇਨਸਾਫ ਲਈ ਇਸੇ ਤਰ੍ਹਾਂ ਡਟੇ ਰਹਿਣਗੇ।