ਪੰਜਾਬ ਵਿੱਚ ਪਿਛਲੇ ਇੱਕ ਸਾਲ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ‘ਚ ਹੋਇਆ ਮਹੱਤਵਪੂਰਨ ਸੁਧਾਰ : ਡੀਜੀਪੀ ਯਾਦਵ

  • ਪਿਛਲੇ ਇੱਕ ਸਾਲ ਦੌਰਾਨ ਪੰਜਾਬ ਵਿੱਚ ਅਪਰਾਧਕ ਕਾਰਵਾਈਆਂ ਵਿੱਚ ਆਈ ਮਹੱਤਵਪੂਰਨ ਗਿਰਾਵਟ, ਨਸ਼ਿਆਂ ਦੀ ਬਰਾਮਦਗੀ ਵਧੀ
  • 16 ਮਾਰਚ 2022 ਤੋਂ ਹੁਣ ਤੱਕ 863.9 ਕਿਲੋ ਹੈਰੋਇਨ, 888 ਕਿਲੋ ਅਫੀਮ, 1229 ਕਿਲੋ ਗਾਂਜਾ, 10.36 ਕਰੋੜ ਰੁਪਏ ਦੀ ਡਰੱਗ ਮਨੀ ਸਮੇਤ 17568 ਨਸ਼ਾ ਤਸਕਰ ਕੀਤੇ ਗ੍ਰਿਫ਼ਤਾਰ
  • ਪੰਜਾਬ ਪੁਲਿਸ ਨੇ 168 ਅੱਤਵਾਦੀਆਂ ਨੂੰ ਗ੍ਰਿਫਤਾਰ ਕਰਕੇ 26 ਅੱਤਵਾਦੀ ਮਾਡਿਊਲਾਂ ਦਾ ਕੀਤਾ ਪਰਦਾਫਾਸ਼
  • ਏਜੀਟੀਐਫ ਨੇ ਪੰਜ ਗੈਗਸਟਰ ਢੇਰ ਕਰਨ ਤੋਂ ਇਲਾਵਾ 582 ਗੈਂਗਸਟਰਾਂ/ਅਪਰਾਧੀਆਂ ਨੂੰ ਕੀਤਾ ਗ੍ਰਿਫਤਾਰ, 586 ਹਥਿਆਰ ਕੀਤੇ ਬਰਾਮਦ
  • ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ

ਚੰਡੀਗੜ੍ਹ, 15 ਮਾਰਚ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਇੱਕ ਸਾਲ ਬਾਅਦ ਸਰਹੱਦੀ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਵਿੱਚ ਕਾਫ਼ੀ ਸੁਧਾਰ ਹੋਇਆ ਹੈ। ਦੱਸਣਯੋਗ ਹੈ ਕਿ ਵੱਡੀ ਗਿਣਤੀ ਅਪਰਾਧੀਆਂ ਅਤੇ ਗੈਂਗਸਟਰਾਂ ਖਿਲਾਫ਼ ਕਾਰਵਾਈ ਕੀਤੀ ਗਈ ਹੈ ਅਤੇ ਪੰਜਾਬ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ 'ਤੇ ਰੱਖੀ ਜਾ ਰਹੀ ਸਖ਼ਤ ਚੌਕਸੀ ਦਰਮਿਆਨ ਜ਼ਿਆਦਾਤਰ ਗੈਂਗਸਟਰ/ਅਪਰਾਧੀ ਸੂਬਾ ਛੱਡ ਕੇ ਚਲੇ ਗਏ ਹਨ। ਪਿਛਲੇ ਕੁਝ ਮਹੀਨਿਆਂ ਵਿੱਚ, ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਗੌਰਵ ਯਾਦਵ ਦੀ ਨਿਗਰਾਨੀ ਹੇਠ ਪੰਜਾਬ ਪੁਲਿਸ ਨੇ ਬਹੁਤ ਸਾਰੇ ਵਿਸ਼ੇਸ਼ ਆਪ੍ਰੇਸ਼ਨ ਚਲਾਏ ਹਨ ਅਤੇ ਜ਼ਿਆਦਾਤਰ ਆਪ੍ਰੇਸ਼ਨਾਂ ਵਿੱਚ ਡੀ.ਜੀ.ਪੀ, ਪੰਜਾਬ  ਨੇ ਖੁਦ ਪੁਲਿਸ ਫੋਰਸ ਦੀ ਅਗਵਾਈ ਕੀਤੀ। ਇਨ੍ਹਾਂ ਆਪ੍ਰੇਸ਼ਨਾਂ ਦਾ ਉਦੇਸ਼ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਅਤੇ ਸਮਾਜ ਵਿਰੋਧੀ ਅਨਸਰਾਂ ਵਿੱਚ ਡਰ ਪੈਦਾ ਕਰਨ ਲਈ ਪੁਲਿਸ ਦੀਆਂ ਸਰਗਰਮੀਆਂ ਨੂੰ ਵਧਾਉਣਾ ਸੀ। ਇਨ੍ਹਾਂ ਆਪ੍ਰੇਸ਼ਨਾਂ ਕਾਰਡਨ ਅਤੇ ਸਰਚ ਆਪਰੇਸ਼ਨ (ਸੀਏਐਸਓਜ਼), ਖ਼ਤਰਨਾਕ ਗੈਂਗਸਟਰਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ, ਵਾਹਨਾਂ ਦੀ ਚੈਕਿੰਗ ਲਈ ਵਿਸ਼ੇਸ਼ ਆਪ੍ਰੇਸ਼ਨ, ਆਪ੍ਰੇਸ਼ਨ ਸੀਲ, ਨਾਈਟ ਡੌਮੀਨੇਸ਼ਨ ਆਪ੍ਰੇਸ਼ਨ ਆਦਿ ਸ਼ਾਮਲ ਹਨ। 16 ਮਾਰਚ, 2022 ਤੋਂ 15 ਮਾਰਚ, 2023 ਤੱਕ ਦੇ ਅਧਿਕਾਰਤ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪੰਜਾਬ ਪੁਲਿਸ ਨੇ 31 ਰਾਈਫਲਾਂ, 201 ਰਿਵਾਲਵਰ/ਪਿਸਟਲ, 9 ਟਿਫਿਨ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ.ਈ.ਡੀਜ਼),  8.72 ਕਿਲੋ ਆਰਡੀਐਕਸ ਅਤੇ ਹੋਰ ਵਿਸਫੋਟਕ ਸਮੱਗਰੀ, 11 ਹੈਂਡ ਗ੍ਰਨੇਡ, ਡਿਸਪੋਜ਼ਡ ਰਾਕੇਟ ਲਾਂਚਰ ਦੀਆਂ ਦੋ ਸਲੀਵਜ਼, 30 ਡਰੋਨ ਅਤੇ ਇੱਕ ਲੋਡਿਡ ਰਾਕੇਟ ਪ੍ਰੋਪੇਲਡ ਗ੍ਰੇਨੇਡ ਦੀ ਬਰਾਮਦਗੀ ਨਾਲ 168 ਅੱਤਵਾਦੀ/ਕੱਟੜਪੰਥੀਆਂ ਨੂੰ ਗ੍ਰਿਫਤਾਰ ਕਰਕੇ 26 ਅੱਤਵਾਦੀ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ, ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਅਪ੍ਰੈਲ 2022 ਤੋਂ ਸੂਬੇ ਵਿੱਚ ਛੇ ਵੱਡੀਆਂ ਘਿਨਾਉਣੀਆਂ ਵਾਰਦਾਤਾਂ ਹੋਈਆਂ ਜਿਨ੍ਹਾਂ ਵਿੱਚ ਮੋਹਾਲੀ ਵਿਖੇ ਇੰਟੈਲੀਜੈਂਸ ਹੈੱਡਕੁਆਰਟਰ ਦੀ ਇਮਾਰਤ 'ਤੇ ਆਰਪੀਜੀ ਹਮਲਾ; ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ ਕਤਲ; ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀ ਪਰਦੀਪ ਕੁਮਾਰ ਦਾ ਕਤਲ; ਤਰਨਤਾਰਨ ਦੇ ਥਾਣਾ ਸਰਹਾਲੀ ਵਿਖੇ ਆਰ.ਪੀ.ਜੀ ਹਮਲਾ; ਸੁਧੀਰ ਸੂਰੀ ਅਤੇ ਭੁਪਿੰਦਰ ਸਿੰਘ ਚਾਵਲਾ ਉਰਫ ਟਿੰਮੀ ਚਾਵਲਾ ਦੀਆਂ ਹੱਤਿਆਵਾਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਨੇ ਰਿਕਾਰਡ ਸਮੇਂ ਵਿੱਚ ਇਹਨਾਂ ਸਾਰੇ ਮਾਮਲਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਨਸ਼ਿਆਂ ਵਿਰੁੱਧ ਫੈਸਲਾਕੁੰਨ ਜੰਗ ਛੇੜੀ ਹੈ ਜਿਸ ਦੇ ਨਤੀਜੇ ਵਜੋਂ 16 ਮਾਰਚ 2022  ਤੋਂ 13094 ਐਫਆਈਆਰ ਦਰਜ ਕਰਕੇ 17568 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਸਿਰਫ਼ ਇੱਕ ਸਾਲ ਵਿੱਚ ਹੀ ਰਿਕਾਰਡ 863.9 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ  ਸੂਬੇ ਭਰ 'ਚੋਂ 716.9 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਪੰਜਾਬ ਪੁਲਿਸ ਦੀਆਂ ਟੀਮਾਂ ਵੱਲੋਂ ਗੁਜਰਾਤ ਅਤੇ ਮਹਾਰਾਸ਼ਟਰ ਦੀਆਂ ਸਮੁੰਦਰੀ ਬੰਦਰਗਾਹਾਂ ਤੋਂ 147.5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸ ਨਾਲ ਹੈਰੋਇਨ ਦੀ ਕੁੱਲ ਰਿਕਵਰੀ 863.9 ਕਿਲੋ ਹੋ ਗਈ ਹੈ। ਇਸ ਦੇ ਨਾਲ ਹੀ ਪੁਲਿਸ ਨੇ 888 ਕਿਲੋ ਅਫੀਮ, 1229 ਕਿਲੋ ਗਾਂਜਾ, 464 ਕੁਇੰਟਲ ਭੁੱਕੀ ਅਤੇ ਫਾਰਮਾ ਓਪੀਓਡ ਦੀਆਂ 70.16 ਲੱਖ ਗੋਲੀਆਂ/ਕੈਪਸੂਲ/ਟੀਕੇ/ ਸ਼ੀਸ਼ੀਆਂ ਵੀ ਬਰਾਮਦ ਕੀਤੀਆਂ ਹਨ। ਪੁਲਿਸ ਨੇ ਬੀਤੇ ਇੱਕ ਸਾਲ ਵਿੱਚ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦੇ ਕਬਜ਼ੇ ਵਿੱਚੋਂ 10.36  ਕਰੋੜ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ ਐਨਡੀਪੀਐਸ ਕੇਸਾਂ ਵਿੱਚ ਭਗੌੜੇ ਅਪਰਾਧੀਆਂ (ਪੀਓਜ਼)/ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਚੱਲ ਰਹੀ ਵਿਸ਼ੇਸ਼ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ 16 ਮਾਰਚ, 2022 ਤੋਂ ਹੁਣ ਤੱਕ 828 ਪੀਓਜ਼/ਭਗੌੜਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਦੁਹਰਾਇਆ ਕਿ ਪੰਜਾਬ ਪੁਲਿਸ ਸਰਹੱਦੀ ਸੂਬੇ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਵਚਨਬੱਧ ਹੈ ਅਤੇ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਸਮੇਂ-ਸਮੇਂ 'ਤੇ ਕਈ ਵਿਸ਼ੇਸ਼ ਨਸ਼ਾ ਵਿਰੋਧੀ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਸੱਤਾ ਸੰਭਾਲਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਡਿਊਟੀ ਦੌਰਾਨ ਮੌਤ ਹੋਣ ਦੀ ਸੂਰਤ ਵਿੱਚ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਐਕਸ-ਗ੍ਰੇਸ਼ੀਆ ਰਾਸ਼ੀ ਵੀ ਵਧਾ ਕੇ 1 ਕਰੋੜ ਰੁਪਏ ਕਰ ਦਿੱਤੀ। ਇਹ ਰਾਸ਼ੀ ਐਚ.ਡੀ.ਐਫ.ਸੀ.  ਬੈਂਕ ਦੁਆਰਾ ਦਿੱਤੇ ਜਾ ਰਹੇ 1 ਕਰੋੜ ਰੁਪਏ ਦੇ ਬੀਮਾ ਕਵਰ ਤੋਂ ਵੱਖਰੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਪੁਲਿਸ ਭਲਾਈ ਲਈ ਬਜਟ ਅਲਾਟਮੈਂਟ ਨੂੰ 10 ਕਰੋੜ ਰੁਪਏ ਤੋਂ ਵਧਾ ਕੇ 15 ਕਰੋੜ ਰੁਪਏ ਵੀ ਕਰ ਦਿੱਤਾ ਹੈ।

ਅੱਤਵਾਦੀਆਂ ਖਿਲਾਫ ਕਾਰਵਾਈ
ਅੱਤਵਾਦੀ ਮਾਡਿਊਲਾਂ ਦਾ ਪਰਦਾਫਾਸ਼-26, ਅੱਤਵਾਦੀ/ਕੱਟੜਪੰਥੀ ਗ੍ਰਿਫਤਾਰ-168, ਬਰਾਮਦ ਹੋਈਆਂ ਕੁੱਲ ਰਾਈਫਲਾਂ-31
ਕੁੱਲ ਰਿਵਾਲਵਰ/ਪਿਸਤੌਲ ਬਰਾਮਦ-201, ਕੁੱਲ ਟਿਫਿਨ ਆਈਈਡੀਜ਼ ਬਰਾਮਦ-9, ਆਰਡੀਐਕਸ ਅਤੇ ਹੋਰ ਵਿਸਫੋਟਕ ਪਦਾਰਥਾਂ ਦੀ ਰਿਕਵਰੀ -8.72 ਕਿਲੋਗ੍ਰਾਮ, ਬਰਾਮਦ ਕੁੱਲ ਹੈਂਡ ਗ੍ਰਨੇਡ-11, ਬਰਾਮਦ ਡਰੋਨ - 30

ਗੈਂਗਸਟਰਾਂ ਵਿਰੁੱਧ ਕਾਰਵਾਈ
ਕੁੱਲ ਮਾਡਿਊਲਾਂ ਦਾ ਪਰਦਾਫਾਸ਼ ਕੀਤਾ-162, ਗੈਂਗਸਟਰ/ਅਪਰਾਧੀ ਗ੍ਰਿਫਤਾਰ-582, ਮਾਰੇ ਗਏ ਗੈਂਗਸਟਰ/ਅਪਰਾਧੀ-5
ਬਰਾਮਦ ਕੀਤੇ ਹਥਿਆਰ-586, ਬਰਾਮਦ ਵਾਹਨ -131, 

ਨਸ਼ਿਆਂ ਵਿਰੁੱਧ ਕਾਰਵਾਈ
ਗ੍ਰਿਫਤਾਰ ਕੀਤੇ ਕੁੱਲ ਨਸਾ ਤਸਕਰ/ਸਪਲਾਇਰ-17568, ਦਰਜ ਕੁੱਲ ਐਫਆਈਆਰਜ਼-13094, ਬਰਾਮਦ ਕੁੱਲ ਹੈਰੋਇਨ -863.9 ਕਿਲੋਗ੍ਰਾਮ, ਬਰਾਮਦ ਕੁੱਲ ਅਫੀਮ-888 ਕਿਲੋਗ੍ਰਾਮ, ਬਰਾਮਦ ਕੁੱਲ ਗਾਂਜਾ-1229 ਕਿਲੋਗ੍ਰਾਮ, ਬਰਾਮਦ ਕੁੱਲ ਭੁੱਕੀ- 464 ਕੁਇੰਟਲ, ਬਰਾਮਦ ਕੀਤੀਆਂ ਫਾਰਮਾ ਓਪੀਔਡਜ਼ ਦੀਆਂ ਕੁੱਲ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ-70.16 ਲੱਖ, ਕੁੱਲ ਡਰੱਗ ਮਨੀ ਬਰਾਮਦ-10.36 ਕਰੋੜ ਰੁਪਏ, ਐਨ.ਡੀ.ਪੀ.ਐਸ. ਮਾਮਲਿਆਂ ਵਿੱਚ ਗ੍ਰਿਫਤਾਰ ਪੀਓਜ਼/ਭਗੌੜਿਆਂ ਦੀ ਕੁੱਲ ਗਿਣਤੀ-828