ਸ੍ਰੀ ਮੁਕਤਸਰ ਸਾਹਿਬ ਵਿੱਚ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ, ਪਤੀ-ਪਤਨੀ ਦੀ ਮੌਤ, ਪੋਤੇ ਦੀਆਂ ਦੋਵੇਂ ਲੱਤਾਂ ਅਤੇ ਬਾਹਾਂ ਟੁੱਟੀਆਂ

ਸ੍ਰੀ ਮੁਕਤਸਰ ਸਾਹਿਬ,26 ਮਈ : ਜਲਾਲਾਬਾਦ ਰੋਡ ਸਥਿਤ ਰਿਲਾਇੰਸ ਪੰਪ ਦੇ ਬਿਲਕੁਲ ਸਾਹਮਣੇ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਜਿਸ ਵਿੱਚ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦਾ ਪੋਤਾ ਗੰਭੀਰ ਜ਼ਖ਼ਮੀ ਹੋ ਗਿਆ। ਲੜਕੇ ਦੀਆਂ ਦੋਵੇਂ ਬਾਹਾਂ ਅਤੇ ਲੱਤਾਂ ਟੁੱਟ ਗਈਆਂ, ਜਿਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮੋਟਰਸਾਈਕਲ ਚਾਲਕ ਦਰਸ਼ਨ ਸਿੰਘ (70) ਵਾਸੀ ਪਿੰਡ ਬਧਾਈ ਸ੍ਰੀ ਮੁਕਤਸਰ ਸਾਹਿਬ ਵਾਸੀ ਜਲਾਲਾਬਾਦ ਰੋਡ ਤੋਂ ਰਿਲਾਇੰਸ ਪੰਪ ਨੇੜੇ ਦਵਾਈ ਲੈ ਕੇ ਵਾਪਸ ਅਪਣੇ ਪਿੰਡ ਜਾ ਰਿਹਾ ਸੀ ਤਾਂ ਜਲਾਲਾਬਾਦ ਸਾਈਡ ਤੋਂ ਆ ਰਹੀ ਇਕ ਬਰੇਜ਼ਾ ਕਾਰ ਨੇ ਉਸ ਦੇ ਮੋਟਰਸਾਈਕਲ ਨੂੰ ਸਾਹਮਣੇ ਤੋਂ ਟੱਕਰ ਮਾਰ ਦਿਤੀ।ਜਿਸ ਕਾਰਨ ਦਰਸ਼ਨ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਉਸ ਦੀ ਪਤਨੀ ਪ੍ਰੀਤਮ ਕੌਰ (65) ਦੀ ਹਸਪਤਾਲ ਵਿੱਚ ਮੌਤ ਹੋ ਗਈ ਤੇ ਪੋਤੇ ਦੀਪੂ (18) ਦੀਆਂ ਦੋਵੇਂ ਲੱਤਾਂ ਅਤੇ ਬਾਹਾਂ ਟੁੱਟ ਗਈਆਂ। ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।