- ਪਹਿਲਕਦਮੀ ਦਾ ਉਦੇਸ਼ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਦੇ ਲੋਕਾਂ ਨੂੰ ਮਿਆਰੀ ਸਿਹਤ ਸੰਭਾਲ ਪ੍ਰਦਾਨ ਕਰਨਾ
ਚੰਡੀਗੜ੍ਹ, 20 ਮਈ : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਵੱਧ ਤੋਂ ਵੱਧ ਲੋਕਾਂ ਨੂੰ ਸਿਹਤ ਬੀਮਾ ਤਹਿਤ ਕਵਰ ਕਰਨ ਲਈ, ਸੂਬਾ ਸਿਹਤ ਏਜੰਸੀ ਵੱਲੋਂ 24 ਮਈ, 2023 ਤੋਂ ਯੋਗ ਲਾਭਪਾਤਰੀਆਂ ਨੂੰ ਆਯੂਸ਼ਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਈ-ਕਾਰਡ ਜਾਰੀ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਸ ਪਹਿਲਕਦਮੀ ਦਾ ਉਦੇਸ਼ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀ ਸੋਚ ਅਨੁਸਾਰ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ। ਇਸ ਪ੍ਰਮੁੱਖ ਬੀਮਾ ਯੋਜਨਾ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਸੂਬਾ ਸਿਹਤ ਏਜੰਸੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਬਬੀਤਾ ਨੇ ਕਿਹਾ ਕਿ ਇਸ ਸਕੀਮ ਤਹਿਤ ਸੂਬੇ ਭਰ ਦੇ 900 ਤੋਂ ਵੱਧ ਸਰਕਾਰੀ ਅਤੇ ਪ੍ਰਾਈਵੇਟ ਸੂਚੀਬੱਧ ਹਸਪਤਾਲਾਂ ਵਿੱਚ ਪ੍ਰਤੀ ਪਰਿਵਾਰ ਹਰ ਸਾਲ 5 ਲੱਖ ਰੁਪਏ ਤੱਕ ਦੀ ਨਗਦੀ ਰਹਿਤ ਇਲਾਜ ਦੀ ਪੇਸ਼ਕਸ਼ ਕੀਤੀ ਗਈ ਹੈ। ਉਹਨਾਂ ਅੱਗੇ ਕਿਹਾ ਕਿ ਇਹ ਸਕੀਮ ਲਗਭਗ 1600 ਕਿਸਮਾਂ ਦੇ ਇਲਾਜਾਂ ਤੱਕ ਪਹੁੰਚ ਪ੍ਰਦਾਨ ਕਰਦੀ ਹੈ, ਜਿਸ ਵਿੱਚ ਗੋਡੇ ਬਦਲਣ, ਦਿਲ ਦੀ ਸਰਜਰੀ, ਕੈਂਸਰ ਦੇ ਇਲਾਜ ਆਦਿ ਸ਼ਾਮਲ ਹਨ। ਹੋਰ ਵੇਰਵਿਆਂ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ 16.65 ਲੱਖ ਸਮਾਜਿਕ-ਆਰਥਿਕ ਜਾਤੀ ਜਨਗਣਨਾ-2011 (ਐਸ.ਈ.ਸੀ.ਸੀ.-2011) ਲਾਭਪਾਤਰੀ ਪਰਿਵਾਰਾਂ ਲਈ ਪ੍ਰੀਮੀਅਮ ਦੀ ਲਾਗਤ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੁਆਰਾ 60:40 ਦੇ ਅਨੁਪਾਤ ਵਿੱਚ ਵੰਡੀ ਜਾ ਰਹੀ ਹੈ, ਜਦੋਂ ਕਿ ਬਾਕੀ 27.38 ਲੱਖ ਲਾਭਪਾਤਰੀ ਪਰਿਵਾਰ ਸੂਬੇ (ਰਾਜ ਖਜ਼ਾਨਾ ਅਤੇ ਵਿਭਾਗਾਂ) ਦੁਆਰਾ ਪੂਰੀ ਤਰ੍ਹਾਂ ਕਵਰ ਕੀਤੇ ਜਾਂਦੇ ਹਨ। ਹੁਣ ਤੱਕ, ਲਗਭਗ 79 ਲੱਖ ਲਾਭਪਾਤਰੀਆਂ ਨੇ ਇਸ ਯੋਜਨਾ ਤਹਿਤ ਈ-ਕਾਰਡ ਪ੍ਰਾਪਤ ਕੀਤੇ ਹਨ। ਸੀਈਓ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਇਸ ਸਕੀਮ ਅਧੀਨ ਮੁਫ਼ਤ ਸਿਹਤ ਇਲਾਜ ਦਾ ਲਾਭ ਲੈਣ ਲਈ ਆਪਣੇ ਲਾਭਪਾਤਰੀ ਕਾਰਡ ਪ੍ਰਾਪਤ ਕਰਨ। ਉਨ੍ਹਾਂ ਨੇ ਲਾਭਪਾਤਰੀਆਂ ਨੂੰ ਆਪਣੇ ਆਧਾਰ ਕਾਰਡ ਅਤੇ ਪਰਿਵਾਰ ਦਾ ਸਬੂਤ, ਪਰਿਵਾਰ ਘੋਸ਼ਣਾ ਫਾਰਮ, ਰਾਸ਼ਨ ਕਾਰਡ, ਲੇਬਰ ਕਾਰਡ ਆਦਿ ਸਮੇਤ ਦਸਤਾਵੇਜ ਨਾਲ ਲਿਆਉਣ ਲਈ ਵੀ ਕਿਹਾ। ਜ਼ਿਕਰਯੋਗ ਹੈ ਕਿ ਇਸ ਸਕੀਮ ਤਹਿਤ ਕਿਸਾਨ, ਛੋਟੇ ਵਪਾਰੀ, ਸਮਾਰਟ ਰਾਸ਼ਨ ਕਾਰਡ ਧਾਰਕ, ਰਜਿਸਟਰਡ ਵਰਕਰ, ਐਸ.ਈ.ਸੀ.ਸੀ. ਡਾਟਾ ਪਰਿਵਾਰ ਅਤੇ ਰਜਿਸਟਰਡ ਪੱਤਰਕਾਰਾਂ ਨੂੰ ਕਵਰ ਕੀਤਾ ਗਿਆ ਹੈ।