ਸ਼ਿਲਪ ਮੇਲਾ ਭਾਰਤ ਅਤੇ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਰਿਵਾਇਤੀ ਸ਼ਿਲਪਕਾਰੀ ਦਾ ਪ੍ਰਤੀਕ ਹੈ :  ਬੈਂਸ 

ਸ੍ਰੀ ਅਨੰਦਪੁਰ ਸਾਹਿਬ , 06 ਮਾਰਚ : ਹੋਲਾ ਮਹੱਲਾ ਦੌਰਾਨ ਵਿਰਾਸਤ-ਏ-ਖਾਲਸਾ ਵਿਖੇ ਲੱਗਣ ਵਾਲਾ ਸ਼ਿਲਪ ਮੇਲਾ ਭਾਰਤ ਅਤੇ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਰਿਵਾਇਤੀ ਸ਼ਿਲਪਕਾਰੀ ਦਾ ਪ੍ਰਤੀਕ ਹੈ। ਇਹ ਘਰੇਲੂ ਦਸਤਕਾਰੀ ਅਤੇ ਪੁਰਾਤਨ ਉਤਪਾਦਾਂ ਦਾ ਜੀਵੰਤ ਅਤੇ ਵੰਨ-ਸੁਵੰਨਾ ਪ੍ਰਦਰਸ਼ਨ ਹੈ, ਜੋ ਕਾਰੀਗਰਾਂ ਦੇ ਸਿਰਜਨਾਤਮਕ ਹੁਨਰ ਨੂੰ ਦਰਸਾਉਦਾ ਹੈ। ਇਹ ਪ੍ਰਗਟਾਵਾ ਸਕੂਲ ਸਿੱਖਿਆ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਪੰਜਾਬ ਮੰਤਰੀ  ਹਰਜੋਤ ਸਿੰਘ ਬੈਂਸ ਨੇ ਹੋਲਾ ਮਹੱਲਾ ਮੌਕੇ ਵਿਰਾਸਤ-ਏ-ਖਾਲਸਾ ਵਿੱਚ ਲੱਗੇ ਕਰਾਫਟ ਮੇਲੇ ਦਾ ਦੌਰਾ ਕਰਨ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਸ਼ਿਲਪਕਾਰੀ ਮੇਲੇ ਵਿੱਚ ਆਉਣ ਵਾਲੇ ਲੋਕ ਹੱਥੀ ਤਿਆਰ ਕੀਤੇ ਕੱਪੜੇ, ਗਹਿਣੇ, ਚੀਨੀ ਮਿੱਟੀ ਦੇ ਬਰਤਨ ਅਤੇ ਲੱਕੜ ਦੇ ਕੰਮ ਸਮੇਤ ਅਨੇਕ ਉਤਪਾਦਾਂ ਦੀ ਪੇਸ਼ਕਾਰੀ ਨੂੰ ਵੇਖ ਅਤੇ ਖਰੀਦ ਸਕਦੇ ਹਨ। ਇਹ ਵਸਤਾਂ ਰਵਾਇਤੀ ਢੰਗਾਂ ਅਤੇ ਤਕਨੀਕਾਂ ਦੀ ਵਰਤੋਂ ਕਰਕੇ ਬਣਾਈਆਂ ਜਾਂਦੀਆਂ ਹਨ, ਜੋ ਪਰਿਵਾਰਾਂ ਵਿੱਚ ਪੀੜ੍ਹੀ-ਦਰ-ਪੀੜ੍ਹੀ ਚੱਲੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦਰਸ਼ਕਾਂ ਨੂੰ ਇਹਨਾਂ ਪਰੰਪਰਾਗਤ ਵਸਤਾਂ ਦੀ ਸੁੰਦਰਤਾ ਅਤੇ ਸ਼ਿਲਪਕਾਰਾਂ ਦੇ ਹੁਨਰ ਨੂੰ ਦੇਖਣ ਦਾ ਮੌਕਾ ਮਿਲਦਾ ਹੈ। ਇਹ ਮੇਲਾ ਘਰੇਲੂ ਕਾਰੀਗਰਾਂ ਦਾ ਸਮਰਥਨ ਅਤੇ ਹੋਸਲਾ ਅਫਜਾਈ ਕਰਨ ਲਈ ਇੱਕ ਅਹਿਮ ਮੌਕਾ ਵੀ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋ ਇਲਾਵਾ ਸ਼ਿਲਪ ਮੇਲਾ ਕਈ ਤਰਾਂ ਦੇ ਸੱਭਿਆਚਾਰਕ ਸਮਾਗਮਾਂ ਅਤੇ ਪ੍ਰਦਰਸ਼ਨਾਂ ਦੀ ਪੇ਼ਸਕਾਰੀ ਲਈ ਅਹਿਮ ਹਿੱਸਾ ਮੰਨਿਆ ਜਾਂਦਾ ਹੈ। ਦਰਸ਼ਕ ਰਵਾਇਤੀ ਪੰਜਾਬੀ ਸੰਗੀਤ ਦਾ ਵੀ ਅਨੰਦ ਮਾਣ ਸਕਦੇ ਹਨ। ਇਸ ਉਪਰੰਤ ਕੈਬਨਿਟ ਮੰਤਰੀ ਨੇ ਅੱਜ ਵਿਰਾਸਤ ਏ ਖਾਲਸਾ ਦੇ ਆਡੋਟੋਰੀਅਮ ਵਿੱਚ ਆਯੋਜਿਤ ਢਾਡੀ ਵਾਰਾਂ ਸਰਵਣ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਢਾਡੀ ਵਾਰ ਸੰਗੀਤ ਅਤੇ ਗਾਇਨ ਸ਼ੈਲੀ ਦਾ ਇੱਕ ਵਿਲੱਖਣ ਅਤੇ ਰਵਾਇਤੀ ਰੂਪ ਹੈ ਜੋ ਸ੍ਰੀ ਅਨੰਦਪੁਰ ਸਾਹਿਬ ਵਿਚ ਹੋਲਾ ਮਹੱਲਾ ਦਾ ਅਹਿਮ ਅੰਗ ਹੈ। ਇਹ ਪਰੰਪਰਾ ਸਿੱਖ ਸੰਗੀਤਕ ਵੰਨਗੀ ਵਾਰਾਂ ਦਾ ਇੱਕ ਅਜਿਹਾ ਰੂਪ ਹੈ ਜੋ ਪੰਜਾਬੀ ਪਰਿਵਾਰਾਂ ਵਿੱਚ ਪੀੜ੍ਹੀ-ਦਰ-ਪੀੜ੍ਹੀ ਅੱਗੇ ਵੱਧਦਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਢਾਡੀ ਜਥੇ ਦੇ ਬੋਲ ਅਤੇ ਸਾਜ਼ ਅਧਿਆਤਮਿਕਤਾ, ਨੈਤਿਕਤਾ ਅਤੇ ਸਮਾਜਿਕ ਨਿਆਂ ਦੇ ਵਿਸ਼ਿਆ ਤੇ ਅਧਾਰਤ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਇਹ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੀ ਪੇ਼ਸਕਾਰੀ ਹੈ। ਸਰੋਤੇ ਢਾਡੀ ਜਥੇ ਦੀਆਂ ਸ਼ਕਤੀਸ਼ਾਲੀ ਤਾਲਾਂ, ਧੁਨਾਂ ਅਤੇ ਰਵਾਇਤੀ ਪੰਜਾਬੀ ਸ਼ਾਜ਼ਾਂ ਦਾ ਅਨੰਦ ਮਾਣ ਸਕਦੇ ਹਨ। ਉਨ੍ਹਾਂ ਦੱਸਿਆ ਕਿ ਹੋਲਾ ਮਹੱਲਾ ਦੌਰਾਨ ਸ਼ਰਧਾਲੂਆਂ ਨੂੰ ਰਵਾਇਤੀ ਪੰਜਾਬੀ ਪਹਿਰਾਵਾ ਅਤੇ ਪੁਰਾਤਨ ਸਿੱਖੀ ਸਰੂਪ ਨੂੰ ਦੇਖਣ ਦਾ ਮੌਕਾ ਵੀ ਮਿਲਦਾ ਹੈ। ਇਨ੍ਹਾਂ ਪੁਰਾਤਨ ਵੰਨਗੀਆਂ ਨੂੰ ਮਾਨਣ ਲਈ ਸੁਖਾਵਾਂ ਵਾਤਾਵਰਣ ਮੁਹੱਇਆਂ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ, ਮੇਲਾ ਅਫਸਰ ਮਨੀਸ਼ਾ ਰਾਣਾ ਐਸ.ਡੀ.ਐਮ ਸ੍ਰੀ ਅਨੰਦਪੁਰ ਸਾਹਿਬ, ਸਹਾਇਕ ਮੇਲਾ ਅਫਸਰ ਦੀਪਾਂਕਰ ਗਰਗ,ਕਾਰਜਕਾਰੀ ਇੰ.ਟੂਰਿਜਮ ਬੀ.ਐਸ.ਚਾਨਾ, ਡਿਪਟੀ ਡਾਇਰੈਕਟਰ ਡੇਅਰੀ ਗੁਰਵਿੰਦਰਪਾਲ ਸਿੰਘ ਕਾਹਲੋਂ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾ ਨਵਤੇਜ ਸਿੰਘ ਚੀਮਾ ਆਦਿ ਹਾਜ਼ਰ ਸਨ