SFJ ਮੁਖੀ ਗੁਰਪਤਵੰਤ ਪੰਨੂ ‘ਤੇ NIA ਦੀ ਵੱਡੀ ਕਾਰਵਾਈ, ਚੰਡੀਗੜ੍ਹ ਅਤੇ ਅੰਮ੍ਰਿਤਸਰ ਦੀ ਜਾਇਦਾਦ ਕੀਤੀ ਜ਼ਬਤ

ਚੰਡੀਗੜ੍ਹ, 23 ਸਤੰਬਰ : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਪੰਨੂ ਤੇ ਵੱਡੀ ਕਾਰਵਾਈ ਕਰਦਿਆਂ ਉਸਦੀਆਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਜਾਇਦਾਦਾਂ ਜ਼ਬਤ ਕਰ ਲਈਆਂ ਹਨ। ਗੌਰਤਲਬ ਹੈ ਕਿ ਪੰਨੂ ਪਾਬੰਦੀਸ਼ੁਦਾ ਸੰਗਠਨ ਸਿੱਖਸ ਫਾਰ ਜਸਟਿਸ (SFJ) ਦਾ ਮੁਖੀ ਹੈ। ਉਹ ਕੈਨੇਡਾ ਅਤੇ ਹੋਰ ਦੇਸ਼ਾਂ ਵਿੱਚ ਭਾਰਤ ਵਿਰੋਧੀ ਗੱਲਾਂ ਕਰਦਾ ਰਹਿੰਦਾ ਹੈ। ਹਾਲ ਹੀ ਵਿੱਚ ਹੋਏ ਕੈਨੇਡਾ-ਭਾਰਤ ਵਿਵਾਦ ਵਿੱਚ ਉਸ ਨੇ ਕੈਨੇਡਾ ਵਿੱਚ ਰਹਿੰਦੇ ਹਿੰਦੂਆਂ ਨੂੰ ਧਮਕੀਆਂ ਵੀ ਦਿੱਤੀਆਂ ਹਨ।NIA ਨੇ ਅੰਮ੍ਰਿਤਸਰ ਦੇ ਪਿੰਡ ਖਾਨਕੋਟ ਵਿੱਚ ਪੰਨੂ ਦੀ 46 ਕਨਾਲਾਂ ਦੀ ਜਾਇਦਾਦ ਜ਼ਬਤ ਕੀਤੀ ਹੈ। ਖਾਨਕੋਟ ਪੰਨੂੰ ਦਾ ਜੱਦੀ ਪਿੰਡ ਹੈ। ਇਹ ਵਾਹੀਯੋਗ ਜ਼ਮੀਨ ਹੈ। ਪੰਨੂ ਦਾ ਘਰ ਚੰਡੀਗੜ੍ਹ ਦੇ ਸੈਕਟਰ 15 ਸੀ ਵਿੱਚ ਹੈ। ਹੁਣ ਐਨਆਈਏ ਨੇ ਉਸ ਦੀਆਂ ਜਾਇਦਾਦਾਂ ਨੂੰ ਜਬਤ ਕਰ ਲਿਆ ਹੈ। ਕਾਨੂੰਨੀ ਤੌਰ ‘ਤੇ ਪੰਨੂ ਹੁਣ ਇਨ੍ਹਾਂ ਜਾਇਦਾਦਾਂ ਦਾ ਮਾਲਕ ਨਹੀਂ ਰਿਹਾ ਤੇ ਇਹ ਜਾਇਦਾਦ ਹੁਣ ਸਰਕਾਰ ਦੀ ਹੈ।