ਗੁਰਦੁਆਰਾ ਕੰਪਲੈਕਸ, ਪਟਿਆਲਾ 'ਚ ਕਥਿਤ ਤੌਰ ਉੱਤੇ ਦਾਰੂ ਪੀਣ ਵਾਲੀ ਮਹਿਲਾ ਦਾ ਕਤਲ 

ਪਟਿਆਲਾ, 15 ਮਈ : ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿੱਚ ਇੱਕ ਔਰਤ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਮਹਿਲਾ ਦੀ ਪਛਾਣ ਪਰਵਿੰਦਰ ਕੌਰ ਵਜੋਂ ਹੋਈ ਹੈ, ਜੋ ਪਟਿਆਲਾ ਦੀ ਹੀ ਵਸਨੀਕ ਦੱਸੀ ਜਾ ਰਹੀ ਹੈ। ਮਹਿਲਾ ਉੱਤੇ ਇਲਜ਼ਾਮ ਹੈ ਕਿ ਉਹ ਗੁਰਦੁਆਰਾ ਸਾਹਿਬ ਦੇ ਸਰੋਵਰ ਦੀਆਂ ਪੌੜੀਆਂ ਨੇੜੇ ਬੈਠੀ ਕਥਿਤ ਤੌਰ ਉੱਤੇ ਸ਼ਰਾਬ ਪੀ ਰਹੀ ਸੀ, ਜਿਸ ਤੋਂ ਬਾਅਦ ਇਹ ਸਾਰੀ ਘਟਨਾ ਵਾਪਰੀ। ਇਸ ਘਟਨਾ ਵਿੱਚ ਇੱਕ ਸੇਵਾਦਾਰ ਦੇ ਵੀ ਗੋਲੀ ਵੱਜੀ ਹੈ, ਜਿਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਦਕਿ ਮਹਿਲਾ ਨੇ ਮੌਕੇ ਉੱਤੇ ਹੀ ਦਮ ਤੋੜ ਦਿੱਤਾ। ਗੁਰਦੁਆਰੇ ਦੇ ਪ੍ਰਬੰਧਕ ਅਤੇ ਸੇਵਾਦਾਰਾਂ ਮੁਤਾਬਕ, ਹਮਲਾਵਰ ਸੰਗਤ ਵਿੱਚੋਂ ਹੀ ਸੀ, ਜਿਸ ਨੂੰ ਪੁਲਿਸ ਨੇ ਤੁਰੰਤ ਕਾਬੂ ਕਰ ਲਿਆ। ਪਟਿਆਲਾ ਦੇ ਐੱਸਪੀ ਮੁਹੰਮਦ ਸਰਫਰਾਜ਼ ਆਲਮ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ''ਘਟਨਾ ਦੌਰਾਨ ਹਮਲਾਵਰ ਨੇ 4-5 ਗੋਲੀਆਂ ਚਲਾਈਆਂ। ਇਨ੍ਹਾਂ ਵਿੱਚੋਂ ਤਿੰਨ ਗੋਲ਼ੀਆਂ ਮਹਿਲਾ ਨੂੰ ਲੱਗੀਆਂ ਤੇ ਇੱਕ ਗੋਲ਼ੀ ਇੱਕ ਸੇਵਾਦਾਰ ਨੂੰ ਲੱਗੀ, ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।'' ਐੱਸਐੱਸਪੀ ਮੁਤਾਬਕ, ਐਤਵਾਰ ਦੇਰ ਸ਼ਾਮ ਨੂੰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਇੱਕ ਮਹਿਲਾ ਸਰੋਵਰ ਦੀਆਂ ਪੌੜੀਆਂ ਨੇੜੇ ਬੈਠੀ ਕਥਿਤ ਤੌਰ 'ਤੇ ਸ਼ਰਾਬ ਪੀ ਰਹੀ ਸੀ। ਉਸ ਮਹਿਲਾ ਨੂੰ ਦੇਖ ਕੇ ਉੱਥੋਂ ਦੇ ਸੇਵਾਦਾਰ ਤੇ ਹਾਜ਼ਰ ਸ਼ਰਧਾਲੂਆਂ ਨੇ ਉਸ ਨੂੰ ਸਵਾਲ-ਜਵਾਬ ਕਰਨੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਭੜਕੀ ਮਹਿਲਾ ਨੇ ਸ਼ਰਾਬ ਦੀ ਬੋਤਲ ਉੱਥੇ ਹੀ ਭੰਨ ਦਿੱਤੀ ਅਤੇ ਸੇਵਾਦਾਰ ਨਾਲ ਬਹਿਸ ਕਰਨ ਲੱਗੀ। ਇਸੇ ਦੌਰਾਨ ਮਹਿਲਾ ਨੂੰ ਗੁਰਦੁਆਰੇ ਦੇ ਮੈਨੇਜਰ ਕੋਲ ਲੈ ਕੇ ਜਾਇਆ ਗਿਆ ਅਤੇ ਪੁਲਿਸ ਨੂੰ ਬੁਲਾਇਆ ਲਿਆ ਗਿਆ। ਇਸੇ ਦੌਰਾਨ ਲੋਕਾਂ ਵਿੱਚ ਮੌਜੂਦ ਇੱਕ ਸ਼ਖਸ ਨੇ ਉਸਨੂੰ ਗੋਲੀਆਂ ਮਾਰ ਕੇ ਮਹਿਲਾ ਦਾ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ, ਮਹਿਲਾ ਕੋਲੋਂ ਜੋ ਆਧਾਰ ਕਾਰਡ ਮਿਲਿਆ ਹੈ ਉਸ ਉੱਤੇ ਪਟਿਆਲਾ ਦਾ ਹੀ ਪਤਾ ਹੈ ਜਦਕਿ ਗੁਰਦੁਆਰੇ ਦੇ ਹੈੱਡ ਗ੍ਰੰਥੀ ਮੁਤਾਬਕ ਉਨ੍ਹਾਂ ਕੋਲ ਪੁੱਛਗਿੱਛ ਦੌਰਾਨ ਮਹਿਲਾ ਨੇ ਆਪਣੇ ਆਪ ਨੂੰ ਚੰਡੀਗੜ੍ਹ-ਪੰਚਕੁਲਾ ਦੀ ਦੱਸਿਆ ਸੀ ਅਤੇ ਕਿਹਾ ਸੀ ਕਿ ਉਹ ਸੁਰੱਖਿਆ ਗਾਰਡ ਦੀ ਨੌਕਰੀ ਕਰਦੀ ਹੈ। 

ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਨੇ ਘਟਨਾ ਬਾਰੇ ਕੀ ਦੱਸਿਆ
ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਘਟਨਾ ਬਾਰੇ ਜਾਣਕਾਰੀ ਦਿੱਤੀ, ''ਰਾਤ ਨੂੰ 8 ਕੁ ਵਜੇ ਦੇ ਨੇੜੇ ਇੱਕ ਮਹਿਲਾ ਸਰੋਵਰ 'ਤੇ ਆਈ, ਜਿਸ ਨੇ ਪਹਿਲਾਂ ਹੀ ਕੁਝ ਸ਼ਰਾਬ ਪੀ ਰੱਖੀ ਸੀ ਤੇ ਇੱਕ ਸ਼ਰਾਬ ਦਾ ਪਊਆ ਉਸ ਕੋਲ ਲਿਫ਼ਾਫ਼ੇ ਵਿੱਚ ਸੀ।'' ਉਨ੍ਹਾਂ ਦੱਸਿਆ, ''ਉਹ ਸਰੋਵਰ 'ਤੇ ਸ਼ਰਾਬ ਪੀਣ ਲੱਗੀ ਤਾਂ ਸੰਗਤ ਨੇ ਉੱਥੇ ਮੌਜੂਦ ਮਹਿਲਾ ਸੇਵਾਦਾਰ ਨੂੰ ਜਾਣਕਾਰੀ ਦਿੱਤੀ। ਮਹਿਲਾ ਸੇਵਾਦਾਰ ਨੇ ਜਦੋਂ ਉਕਤ ਮਹਿਲਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਬੋਤਲ ਨਾਲ ਉਨ੍ਹਾਂ 'ਤੇ ਹਮਲਾ ਕਰਨ ਲੱਗੀ।'' ਉੱਥੇ ਮੌਜੂਦ ਇੱਕ ਰਾਗੀ ਸਿੱਖ ਨੇ ਬਾਂਹ ਅੱਗੇ ਕਰ ਲਈ ਅਤੇ ਉਹ ਬੋਤਲ ਉਸ ਦੀ ਬਾਂਹ 'ਤੇ ਲੱਗੀ। ਜਿਸ ਨਾਲ ਉਸ ਨੂੰ ਸੱਟ ਲੱਗੀ ਅਤੇ ਬੀਬੀ ਦੇ ਵੀ ਸੱਟ ਲੱਗੀ।'' ਉਨ੍ਹਾਂ ਦੱਸਿਆ ਕਿ ਇਸ ਮਗਰੋਂ ਸੰਗਤ ਉਸ ਮਹਿਲਾ ਨੂੰ ਪ੍ਰਬੰਧਕ ਦੇ ਦਫ਼ਤਰ ਲੈ ਕੇ ਗਈ ਤੇ ਥਾਣੇ ਵੀ ਫ਼ੋਨ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ''ਜਦੋਂ ਪੁਲਿਸ ਮਹਿਲਾ ਨੂੰ ਲੈ ਕੇ ਜਾ ਰਹੀ ਸੀ ਤਾਂ ਸੰਗਤ ਵਿੱਚੋਂ ਹੀ ਇੱਕ ਵਿਅਕਤੀ ਨੇ ਉਸ ਬੀਬੀ 'ਤੇ ਗੋਲੀਆਂ ਚਲਾ ਦਿੱਤੀਆਂ। ਇਸੇ ਦੌਰਾਨ ਸਾਗਰ ਮਲਹੋਤਰਾ ਨਾਮ ਦੇ ਇੱਕ ਸੇਵਾਦਾਰ ਮੁੰਡੇ ਦੇ ਵੀ ਗੋਲੀ ਲੱਗੀ ਹੈ।''ਗਿਆਨੀ ਪ੍ਰਣਾਮ ਸਿੰਘ ਨੇ ਦੱਸਿਆ ਕਿ ਮਹਿਲਾ ਦੀ ਮੌਕੇ 'ਤੇ ਮੌਤ ਹੋ ਗਈ ਤੇ ਜ਼ਖ਼ਮੀ ਮੁੰਡੇ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਉਨ੍ਹਾਂ ਮੁਤਾਬਕ, ਇਹ ਸਾਰੀ ਘਟਨਾ ਲਗਭਗ ਸਾਢੇ ਅੱਠ ਵਜੇ ਵਾਪਰੀ। 

ਇਸ ਦਾ ਕੋਈ ਪਰਿਵਾਰਿਕ ਮੈਂਬਰ ਵੀ ਸਾਹਮਣੇ ਨਹੀਂ ਆਇਆ ਹੈ : ਐਸਐਸਪੀ 
ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ''ਮਹਿਲਾ ਦੀ ਪਛਾਣ ਪਰਵਿੰਦਰ ਕੌਰ ਵਜੋਂ ਹੋਈ ਹੈ ਅਤੇ ਉਸ ਦੇ ਆਧਾਰ ਕਾਰਡ 'ਤੇ ਜੋ ਪਤਾ ਹੈ, ਉਹ ਇੱਕ ਪੀਜੀ ਦਾ ਹੈ, ਜਿੱਥੇ ਪਿਛਲੇ 2-3 ਸਾਲ ਤੋਂ ਇਹ ਮਹਿਲਾ ਹੁਣ ਰਹਿ ਨਹੀਂ ਰਹੀ ਸੀ।'' ਐਸਐਸਪੀ ਨੇ ਦੱਸਿਆ ਕਿ ''ਪਟਿਆਲਾ ਦੇ ਫੈਕਟਰੀ ਏਰੀਆ ਵਿੱਚ ਆਦਰਸ਼ ਹਸਪਤਾਲ, ਇੱਕ ਨਸ਼ਾ ਛੁਡਾਓ ਕੇਂਦਰ ਦੀ ਇੱਕ ਪਰਚੀ ਮਿਲੀ ਹੈ, ਉੱਥੋਂ ਪੁਸ਼ਟੀ ਹੋਈ ਹੈ ਕਿ ਮਹਿਲਾ ਨੂੰ ਸ਼ਰਾਬ ਪੀਣ ਦੀ ਲਤ ਸੀ। ਉਸ ਦੇ ਇਲਾਜ ਦੇ ਵੇਰਵੇ ਵੀ ਮਿਲੇ ਹਨ।'' ''ਡਾਕਟਰ ਨੇ ਇਹ ਵੀ ਦੱਸਿਆ ਹੈ ਕਿ ਕਿਵੇਂ ਇਹ ਮਹਿਲਾ ਤਣਾਅ ਵਿੱਚ ਸੀ ਅਤੇ ਉਸ ਦੇ ਮਨ ਵਿੱਚ ਨਕਾਰਾਤਮਕ ਵਿਚਾਰ ਆਉਂਦੇ ਸਨ।'' ਪੁਲਿਸ ਅਨੁਸਾਰ, ਮਹਿਲਾ ਐਤਵਾਰ ਨੂੰ ਜ਼ੀਰਕਪੁਰ ਤੋਂ ਬੱਸ 'ਚ ਆਈ ਸੀ ਤੇ ਇੱਕਲੀ ਹੀ ਗੁਰਦੁਆਰੇ ਪਹੁੰਚੀ ਸੀ। ਜਾਣਕਾਰੀ ਮੁਤਾਬਕ, ਇਸ ਪੂਰੀ ਘਟਨਾ ਦੌਰਾਨ ਇੱਕ ਸੇਵਾਦਾਰ ਦੇ ਵੀ ਢਿੱਡ ਵਿੱਚ ਗੋਲ਼ੀ ਲੱਗੀ ਹੈ। ਜ਼ਖ਼ਮੀ ਸੇਵਾਦਾਰ ਦਾ ਨਾਮ ਸਾਗਰ ਮਲਹੋਤਰਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੇ ਮਾਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪਿਛਲੇ 4-5 ਸਾਲ ਤੋਂ ਸੇਵਾਦਾਰ ਹੈ ਅਤੇ ਘਟਨਾ ਵੇਲੇ ਵੀ ਉਹ ਸੇਵਾ ਕਰਨ ਲਈ ਗੁਰਦੁਆਰੇ ਗਿਆ ਹੋਇਆ ਸੀ। ਫਿਲਹਾਲ ਸੇਵਾਦਾਰ ਪਟਿਆਲ਼ਾ ਦੇ ਰਾਜਿੰਦਰਾ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। 

ਮਹਿਲਾ ਨੂੰ ਗੋਲੀਆਂ ਮਾਰਨ ਵਾਲੇ ਨੌਜਵਾਨ ਸਿੱਖ ਜਥੇਬੰਦੀਆਂ ਨੇ ਫੁੱਲਾਂ ਨਾਲ  ਕੀਤਾ ਸਵਾਗਤ

ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਸਰੋਵਰ ਦੇ ਕੰਢੇ ’ਤੇ ਸ਼ਰਾਬ ਪੀਣ ਵਾਲੀ ਮਹਿਲਾ ਨੂੰ ਗੋਲੀਆਂ ਮਾਰਨ ਵਾਲੇ ਨੌਜਵਾਨ ਨਰਿੰਦਰਜੀਤ ਸਿੰਘ ਸੈਣੀ ਨੂੰ ਅੱਜ ਪੁਲਿਸ ਵੱਲੋਂ ਅਦਾਲਤ ਵਿਚ ਪੇਸ਼ ਕਰਨ ਵੇਲੇ ਸਿੱਖ ਜਥੇਬੰਦੀਆਂ ਨੇ ਉਸਦਾ ਫੁੱਲਾਂ ਨਾਲ ਸਵਾਗਤ  ਕੀਤਾ। ਇਸ ਮੌਕੇ ਵੱਡੀ ਗਿਣਤੀ ਵਿਚ ਸਿੱਖ ਜਥੇਬੰਦੀਆਂ ਦੇ ਮੈਂਬਰ ਹਾਜ਼ਰ ਸਨ। ਇਸ ਮੌਕੇ ਨਰਿੰਦਰਜੀਤ ਸਿੰਘ ਲਈ ਪੇਸ਼ ਹੋਏ ਵਕੀਲ ਨੇ ਦੱਸਿਆ ਕਿ ਅੱਜ ਅਦਾਲਤ ਵਿਚ ਪੇਸ਼ੀ ਮੌਕੇ ਪੁਲਿਸ ਨੇ ਰਿਮਾਂਡ ਦੀ ਮੰਗ ਨਹੀਂ ਕੀਤੀ ਤੇ ਅਦਾਲਤ ਨੇ ਉਹਨਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜਣ ਦਾ ਹੁਕਮ ਸੁਣਾਇਆ ਹੈ। ਉਹਨਾਂ ਦੱਸਿਆਕਿ  ਅੱਜ ਅਨੇਕਾਂ ਜਥੇਬੰਦੀਆਂ ਦੇ ਮੈਂਬਰ ਇਥੇ ਪਹੁੰਚੇ ਹਨ। 

01