ਲੁਧਿਆਣਾ ਪੁਲਿਸ ਵੱਲੋਂ ਫਰਜ਼ੀ ਇੰਟਰਨੈਸ਼ਨਲ ਕਾਲ ਸੈਂਟਰ ਦਾ ਕੀਤਾ ਪਰਦਾਫਾਸ਼, 29 ਗ੍ਰਿਫਤਾਰ

ਲੁਧਿਆਣਾ, 21 ਜੁਲਾਈ : ਲੁਧਿਆਣਾ ਪੁਲਿਸ ਨੇ ਇੱਕ ਫਰਜ਼ੀ ਇੰਟਰਨੈਸ਼ਨਲ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ 29 ਠੱਗਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਗਿਰੋਹ ਦੇ ਮੈਂਬਰ ਜ਼ਿਆਦਾਤਰ ਵਿਦੇਸ਼ੀਆਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ। ਮਨਦੀਪ ਸਿੰਘ ਸਿੱਧੂ, ਆਈ.ਪੀ.ਐਸ ਕਮਿਸ਼ਨਰ ਪੁਲਿਸ ਲੁਧਿਆਣਾ, ਸ੍ਰੀਮਤੀ ਸੋਮਿਆਂ ਮਿਸ਼ਰਾ, ਆਈ.ਪੀ.ਐਸ. ਜੁਆਇੰਟ ਕਮਿਸ਼ਨਰ ਪੁਲਿਸ ਸ਼ਹਿਰੀ, ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼ੁਭਮ ਅਗਰਵਾਲ ਆਈ.ਪੀ.ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-3 ਲੁਧਿਆਣਾ, ਸ੍ਰੀਮਤੀ ਜਗਰੂਪ ਕੌਰ ਬਾਠ ਆਈ.ਪੀ.ਐਸ ਸਹਾਇਕ ਕਮਿਸ਼ਨਰ ਪੁਲਿਸ ਸਿਵਲ ਲਾਇਨ ਲੁਧਿਆਣਾ ਦੀ ਅਗਵਾਈ ਵਿੱਚ ਕਾਲ ਸੈਂਟਰਾ ਵੱਲੋਂ ਆਮ ਪਬਲਿਕ ਨਾਲ ਧੋਖਾਧੜੀ ਕਰਨ ਵਾਲਿਆ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਜਿਸ ਦੇ ਤਹਿਤ ਕਾਲ ਸੈਂਟਰਾ ਰਾਹੀਂ ਆਮ ਪਬਲਿਕ ਨਾਲ ਧੋਖਾਧੜੀ ਕਰਨ ਵਾਲਿਆਂ ਦੇ ਖ਼ਿਲਾਫ਼ ਥਾਣਾ ਡਿਵੀਜਨ ਨੰਬਰ-8 ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ ਕਾਰਵਾਈ ਕਰਦੇ ਹੋਏ 29 ਜਣਿਆਂ ਨੂੰ ਕਾਬੂ ਕਰਕੇ ਉਹਨਾ ਕੋਲੋਂ 14 ਇਲੈਕਟ੍ਰੋਨਿਕ ਟੈਬ, 34 ਮੋਬਾਇਲ ਫੋਨ, 2 ਲੈਪਟਾਪ, 1,17,000 ਰੁਪਏ ਦੀ ਨਗਦੀ ਅਤੇ ਇੱਕ ਐਕਟੀਵਾ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਮੁਤਾਬਕ ਇਹ ਵਿਦੇਸ਼ੀਆਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦੇ ਸਨ। ਇਸ ਵਿੱਚ ਵਰਤੇ ਗਏ ਸਾਰੇ ਮੋਬਾਈਲ ਫੋਨ ਵੀ ਪੁਲਿਸ ਨੇ ਜ਼ਬਤ ਕਰ ਲਏ ਹਨ। ਗ੍ਰਿਫਤਾਰ ਕੀਤੇ ਗਏ ਗਿਰੋਹ ਦੇ ਮੈਂਬਰਾਂ ਵਿੱਚ 11 ਜਣੇ ਮੇਘਾਲਿਆ ਦੇ , 3 ਜਣੇ ਉੱਤਰ ਪ੍ਰਦੇਸ਼, 7 ਜਣੇ ਗੁਜਰਾਤ ਤੋਂ,1 ਹਿਮਾਚਲ ਪ੍ਰਦੇਸ਼, 3 ਨਾਗਾਲੈਂਡ, ਇੱਕ ਦਿੱਲੀ ਅਤੇ ਚਾਰ ਜਣੇ ਪੰਜਾਬ ਦੇ ਹਨ। ਇਨ੍ਹਾਂ ਵਿੱਚ 3 ਜਣੇ ਲੁਧਿਆਣਾ ਤੋਂ ਹਨ ਅਤੇ ਇੱਕ ਗੁਰਦਾਸਪੁਰ ਤੋਂ ਹੈ।  ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕ੍ਰਿਸ਼ਨਾ ਵਾਸੀ ਚੰਦੂ ਲਾਲ ਚੋਲ ਬਾਪੂ ਨਗਰ ਅਹਿਮਦਾਬਾਦ ਗੁਜਰਾਜ ਅਤੇ ਸਚਿਨ ਸਿੰਘ ਵਾਸੀ ਪਿੰਡ ਔਰੋਜੀ ਤਿਵਾੜੀ ਦਮੋਰੀਆ ਥਾਣਾ ਬਾਠਰਾਣੀ ਜ਼ਿਲ੍ਹਾ ਦਿਓਰੀਆ ਉੱਤਰ ਪ੍ਰਦੇਸ਼ ਅਤੇ ਹੋਰ ਅਣਪਛਾਤੇ ਵਿਅਕਤੀ ਅਤੇ ਔਰਤਾਂ ਨਾਜਾਇਜ਼ ਤੌਰ ‘ਤੇ ਕਾਲ ਸੈਂਟਰ ਚਲਾ ਰਹੇ ਹਨ, ਗੈਂਗ ਦੇ ਲੋਕ ਇੰਟਰਨੈਸ਼ਨਲ ਸੰਪਰਕਾਂ ਰਾਹੀਂ ਵਿਦੇਸ਼ਾਂ ‘ਚ ਬੈਠੇ ਲੋਕਾਂ ਨੂੰ ਗੁੰਮਰਾਹ ਕਰਕੇ ਧੋਖਾਦੇਹੀ ਕਰਦੇ ਹਨ।