ਕ੍ਰਸਨਾ ਡਾਇਗਨੌਸਟਿਕਸ ਲੈਬ ਨੇ ਆਮ ਆਦਮੀ ਕਲੀਨਿਕਾਂ ਵਿੱਚ ਸੇਵਾਵਾਂ ਦੇਣ ਤੋਂ ਕੀਤਾ ਮਨਾਂ

ਚੰਡੀਗੜ੍ਹ, 02 ਮਾਰਚ :  ਪੰਜਾਬ ਵਿੱਚ ਚੱਲ ਰਹੇ 500 ਆਮ ਆਦਮੀ ਕਲੀਨਿਕਾਂ ਵਿੱਚ ਟੈਸਟ ਸੇਵਾਵਾਂ ਦੇਣ ਵਾਲੀ ਕ੍ਰਸਨਾ ਡਾਇਗਨੌਸਟਿਕਸ ਲੈਬ ਨੇ ਆਮ ਆਦਮੀ ਕਲੀਨਿਕਾਂ ਵਿੱਚ ਮੁਫਤ ਸੇਵਾਵਾਂ ਦੇਣ ਤੋਂ ਮਨਾਂ ਕਰ ਦਿੱਤਾ ਹੈ।ਸਿਹਤ ਤੇ ਪਰਿਵਾਰ ਭਲਾਰੀ ਪੰਜਾਬ ਦੇ ਡਾਇਰੈਕਟਰ ਨੇ ਇਸ ਸਬੰਧੀ ਸੂਬੇ ਭਰ ਦੇ ਸਿਵਲ ਸਰਜਨਾਂ ਨੂੰ ਹੁਕਮ ਭੇਜ ਕੇ ਜਾਣਕਾਰੀ ਦਿੱਤੀ ਹੈ। ਜਿਸ ਵਿੱਚ ਸਾਫ ਲਿਖਿਆ ਹੈ ਕਿ ‘‘ਕ੍ਰਸਨਾ ਡਾਇਗਨੌਸਟਿਕਸ’’, ਜੋ ਆਮ ਆਦਮੀ ਕਲੀਨਿਕਾਂ ਵਿੱਚ ਸੇਵਾਵਾਂ ਪ੍ਰਦਾਨ ਕਰਦੀ ਹੈ, ਉਸ ਨੇ 16 ਫਰਵਰੀ 2023 ਨੂੰ ਇੱਕ ਪੱਤਰ ਵਿੱਚ ਸੂਚਿਤ ਕੀਤਾ ਸੀ ਕਿ ਉਹ 01 ਮਾਰਚ 2023 ਤੋਂ ਆਮ ਆਦਮੀ ਕਲੀਨਿਕਾਂ ਅਤੇ ਹੋਰ ਸਿਵਲ ਹਸਪਤਾਲਾਂ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਵਿੱਚ ਆਪਣੀਆਂ ਸੇਵਾਵਾਂ ਬੰਦ ਕਰ ਰਹੇ ਹਨ। ਸਰਕਾਰ ਦੇ ਇਸ ਹੁਕਮ ਨਾਲ ਹੀ ਆਮ ਆਦਮੀ ਪਾਰਟੀ ਨੇ ਸਾਰੇ ਕਲੀਨਿਕਾਂ, ਸਿਵਲ ਹਸਪਤਾਲਾਂ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਨੂੰ ਆਪਣੇ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਨੂੰ ਹੁਕਮ ਦਿਤੇ ਹਨ ਕਿ 02 ਮਾਰਚ 2023 ਤੋਂ ਸਾਰੇ ਇੱਕਠੇ ਕੀਤੇ ਨਮੂਨੇ ਨਜ਼ਦੀਕੀ ਸਰਕਾਰੀ ਲੈਬਾਰਟਰੀ ਨੂੰ ਦਿੱਤੇ ਜਾਣ। ਜਦਕਿ ਪਹਿਲਾਂ ਕ੍ਰਸਨਾ ਡਾਇਗਨੌਸਟਿਕਸ ਲੈਬਾਰਟਰੀ ਹੀ ਆਮ ਆਦਮੀ ਪਾਰਟੀ ਦੇ ਕਲੀਨਿਕ ਤੋਂ ਸੈਂਪਲ ਲੈ ਕੇ ਟੈਬ 'ਤੇ ਨਤੀਜੇ ਭੇਜਦੀ ਸੀ। ਕ੍ਰਸਨਾ ਡਾਇਗਨੌਸਟਿਕਸ ਵਾਪਸ ਲੈਣ ਤੋਂ ਬਾਅਦ ਪੰਜਾਬ ਵਿਚ ਖੁੱਲ੍ਹੇ ਆਮ ਆਦਮੀ ਕਲੀਨਿਕਾਂ ਦਾ ਕੰਮਕਾਜ ਪੂਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਸਰਕਾਰੀ ਪ੍ਰਯੋਗਸ਼ਾਲਾਵਾਂ ਵਿਚ ਪਹਿਲਾਂ ਹੀ ਸਟਾਫ਼ ਦੀ ਕਮੀ ਹੈ ਅਤੇ ਟੈਸਟਾਂ ਦੀ ਗਿਣਤੀ ਜ਼ਿਆਦਾ ਹੈ। ਅਜਿਹੀ ਸਥਿਤੀ ਵਿਚ 500 ਕਲੀਨਿਕਾਂ ਦੀ ਜਾਂਚ ਦਾ ਵਾਧੂ ਬੋਝ ਗੁਣਵੱਤਾ ਨੂੰ ਵੀ ਪ੍ਰਭਾਵਿਤ ਕਰੇਗਾ। 

ਆਮ ਆਦਮੀ ਕਲੀਨਿਕ ਦਾ ਪ੍ਰਯੋਗ ਫੇਲ੍ਹ ਹੋਣਾ ਸ਼ੁਰੂ ਹੋ ਗਿਆ ਹੈ : ਸੁਖਪਾਲ ਸਿੰਘ ਖਹਿਰਾ 
ਕ੍ਰਸਨਾ ਡਾਇਗਨੌਸਟਿਕਸ ਲੈਬ ਨੇ ਆਮ ਆਦਮੀ ਕਲੀਨਿਕਾਂ ਵਿੱਚ ਮੁਫਤ ਸੇਵਾਵਾਂ ਦੇਣ ਤੋਂ ਮਨਾਂ ਕਰਨ ਤੋਂ ਬਾਅਦ ਜਿੱਥੇ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਹੈ। ਉੱਥੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇੱਕ ਟਵੀਟ ਕਰਦਿਆਂ ਲਿਖਿਆ ਕਿ ਆਮ ਆਦਮੀ ਕਲੀਨਿਕ ਦਾ ਪ੍ਰਯੋਗ ਫੇਲ੍ਹ ਹੋਣਾ ਸ਼ੁਰੂ ਹੋ ਗਿਆ ਹੈ। ਕਿਉਂਕਿ ਵੱਖ-ਵੱਖ ਟੈਸਟਾਂ ਲਈ ਲੱਗੀਆਂ ਪ੍ਰਾਈਵੇਟ ਲੈਬਾਂ ਨੇ ਆਪਣੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਇਹ ਉਦੋਂ ਹੁੰਦਾ ਹੈ ਜਦੋਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵਰਗੇ ਸਿਆਸਤਦਾਨ ਆਪਣੇ ਅਵਿਵਹਾਰਕ ਏਜੰਡੇ ਨੂੰ ਮੌਜੂਦਾ ਸਿਹਤ ਸੰਭਾਲ ਨੂੰ ਪਟੜੀ ਤੋਂ ਉਤਾਰਨ ਲਈ ਸਿਰਫ਼ ਅੰਕ ਹਾਸਲ ਕਰਨ ਲਈ ਮਜਬੂਰ ਕਰਦੇ ਹਨ।