ਬਿਪਰਜੌਏ ਤੂਫ਼ਾਨ ਦਾ ਪੰਜਾਬ ਵਿਚ ਨਹੀਂ ਦਿਖਾਈ ਦੇਵੇਗਾ ਅਸਰ : ਮੌਸਮ ਵਿਭਾਗ 

ਚੰਡੀਗੜ੍ਹ, 19 ਜੂਨ : ਚੱਕਰਵਾਤੀ ਤੂਫ਼ਾਨ ਬਿਪਰਜੌਏ ਨੇ ਅਪਣਾ ਰਾਹ ਬਦਲ ਲਿਆ ਹੈ, ਹੁਣ ਪੰਜਾਬ 'ਚ ਮੌਸਮ ਵਿਭਾਗ ਨੇ ਸਾਰੇ ਅਲਰਟ ਖਤਮ ਕਰ ਦਿਤੇ ਹਨ। ਇਸ ਦੇ ਨਾਲ ਹੀ ਅਗਲੇ 4 ਦਿਨਾਂ ਤਕ ਕਿਸੇ ਵੀ ਤਰ੍ਹਾਂ ਦੀ ਬਾਰਸ਼ ਹੋਣ ਦੀ ਸੰਭਾਵਨਾ ਨਹੀਂ ਹੈ। ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਸ਼ਹਿਰਾਂ ਦਾ ਤਾਪਮਾਨ ਵਧਣ ਦੀ ਸੰਭਾਵਨਾ ਹੈ। ਹੁਣ ਪਛਮੀ ਗੜਬੜੀ ਕਾਰਨ 24 ਜੂਨ ਨੂੰ ਮੀਂਹ ਪੈ ਸਕਦਾ ਹੈ। ਦਰਅਸਲ ਉਤਰੀ ਭਾਰਤ ਵੱਲ ਵਧ ਰਹੀ ਬਿਪਰਜੌਏ ਦੀ ਰਫ਼ਤਾਰ ਵਿਚ ਕਮੀ ਆਈ ਹੈ। ਸਮੁੰਦਰ ਵਿਚ 200 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲ ਰਹੇ ਇਸ ਤੂਫ਼ਾਨ ਦੀ ਰਫ਼ਤਾਰ ਹੁਣ ਸਿਰਫ਼ 45 ਕਿਲੋਮੀਟਰ ਰਹਿ ਗਈ ਹੈ। ਇੰਨਾ ਹੀ ਨਹੀਂ ਇਹ ਤੂਫਾਨ ਹਰਿਆਣਾ ਦਿੱਲੀ ਵੱਲ ਵਧਣ ਦੀ ਬਜਾਏ ਹੁਣ ਯੂਪੀ ਵੱਲ ਝੁਕ ਗਿਆ ਹੈ। ਜਿਸ ਕਾਰਨ ਪੰਜਾਬ 'ਚ ਤੂਫਾਨ ਆਉਣ ਦਾ ਕੋਈ ਅਲਰਟ ਨਹੀਂ ਹੈ। ਹਾਲਾਂਕਿ ਮਾਲਵੇ ਵਿਚ ਤੂਫ਼ਾਨ ਕਾਰਨ ਬਣੇ ਦਬਾਅ ਕਾਰਨ ਅੱਜ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਨੇ ਆਉਣ ਵਾਲੇ 4 ਦਿਨਾਂ 'ਚ ਦਿਨ ਦਾ ਤਾਪਮਾਨ 42 ਡਿਗਰੀ ਨੂੰ ਪਾਰ ਕਰਨ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਵਲੋਂ ਜਾਰੀ ਜਾਣਕਾਰੀ ਅਨੁਸਾਰ ਆਉਣ ਵਾਲੀ 24 ਤਰੀਕ ਨੂੰ ਪਛਮੀ ਗੜਬੜੀ ਫਿਰ ਤੋਂ ਗਰਮੀ ਤੋਂ ਕੁੱਝ ਰਾਹਤ ਦੇ ਸਕਦਾ ਹੈ। ਇਸ ਵੈਸਟਰਨ ਡਿਸਟਰਬੈਂਸ ਕਾਰਨ 23 ਜੂਨ ਨੂੰ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਅਤੇ ਮੁਹਾਲੀ 'ਚ ਮੀਂਹ ਪੈਣ ਦੀ ਸੰਭਾਵਨਾ 25 ਫ਼ੀ ਸਦੀ ਹੈ। ਬਿਪਰਜੌਏ ਨੇ ਜਿਥੇ ਗੁਜਰਾਤ ਅਤੇ ਰਾਜਸਥਾਨ 'ਚ ਹਾਲਾਤ ਵਿਗਾੜੇ ਹਨ, ਉਥੇ ਹੀ ਇਸ ਦਾ ਅਸਰ ਮਾਨਸੂਨ 'ਤੇ ਵੀ ਦੇਖਣ ਨੂੰ ਮਿਲਿਆ ਹੈ। ਮਾਨਸੂਨ ਜੋ ਅੱਜ ਦੀ ਤਰੀਕ ਤਕ ਮੱਧ ਪ੍ਰਦੇਸ਼ ਅਤੇ ਕੇਂਦਰੀ ਯੂਪੀ ਵਿਚ ਪਹੁੰਚ ਜਾਣਾ ਚਾਹੀਦਾ ਸੀ,  ਉਹ ਦਸ ਦਿਨ ਪਿਛੇ ਚਲਾ ਗਿਆ ਹੈ। ਜੇਕਰ ਇਹੀ ਰਫ਼ਤਾਰ ਰਹੀ ਤਾਂ 30 ਜੂਨ ਤਕ ਪੰਜਾਬ 'ਚ ਦਸਤਕ ਦੇਣ ਵਾਲਾ ਮਾਨਸੂਨ 10 ਜੁਲਾਈ ਤੋਂ ਬਾਅਦ ਪੰਜਾਬ ਪਹੁੰਚੇਗਾ।