ਰਾਜਪਾਲ ਨੂੰ ‘ਮੇਰੀ ਸਰਕਾਰ’ ਕਹਿਣ ਲਈ ਮਜਬੂਰ ਕੀਤਾ ਗਿਆ : ਰਾਜਾ ਵੜਿੰਗ

ਚੰਡੀਗੜ੍ਹ, 03 ਮਾਰਚ : ਅੱਜ ਸ਼ੁਰੂ ਹੋਏ ਬੱਜਟ ਸ਼ੈਸ਼ਨ ਸਮੇਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਆਪਣੇ ਭਾਸ਼ਣ ਦੌਰਾਨ ‘ਮੇਰੀ ਸਰਕਾਰ’ ਕਹਿਣ ਤੇ ਹੋਏ ਹੰਗਾਮੇ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਵੱਖ ਵੱਖ ਵਿਧਾਇਕਾਂ ਨੇ ਕੀ ਕਿਹਾ ਆਓ ਜਾਣਦੇ ਹਾਂ :

ਸਾਨੂੰ ਆਪਣੀ ਆਈਡੈਂਟਿਟੀ ਬਣਾਉਣ ਲਈ ਪ੍ਰਾਈਵੇਟ ਮੈਂਬਰਜ਼ ਬਿੱਲ ਲਿਆਉਣਾ ਅਤਿ ਜਰੂਰੀ ਹੈ : ਸੁਖਪਾਲ ਸਿੰਘ ਖਹਿਰਾ
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਵਿਰੋਧੀ ਧਿਰ ਦੇ ਨੇਤਾ ਅਤੇ ਮੈਂ ਦੋਵੇਂ ਮਿਲ ਕੇ ਮੰਗ ਕੀਤੀ ਸੀ ਕਿ ਪੰਜਾਬ ਵਿੱਚ ਕੋਈ ਵੀ ਗੈਰ ਪੰਜਾਬੀ ਨੂੰ ਪੰਜਾਬ ਵਿੱਚ ਜ਼ਮੀਨ ਖ੍ਰੀਦ ਲਈ ਸ਼ਰਤਾਂ ਲਗਾਈਆਂ ਜਾਣ, ਕੰਮ ਕਰਨ, ਕਮਾਈ ਕਰਨ, ਇੱਥੋਂ ਦੇ ਬਸਿੰਦੇ ਨਾ ਬਣਨ, ਪਰ ਉਹ ਪ੍ਰਾਈਵੇਟ ਮੈਂਬਰਜ਼ ਬਿੱਲ ਨਜ਼ਰ ਹੀ ਨਹੀਂ ਆਇਆ, ਕਿਉਂਕਿ ਇੰਨ੍ਹਾਂ ਨੂੰ ਕੇਜਰੀਵਾਲ ਦਾ ਡਰ ਰਹਿਣਾ ਹੈ, ਇਹ ਬਿੱਲ ਕਦੇ ਵੀ ਪਾਸ ਨਹੀਂ ਹੋਵੇ, ਇੰਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕੀਤਾ। ਉਨ੍ਹਾਂ ਕਿਹਾ ਸਾਨੂੰ ਆਪਣੀ ਆਈਡੈਂਟਿਟੀ ਬਣਾਉਣ ਲਈ ਪ੍ਰਾਈਵੇਟ ਮੈਂਬਰਜ਼ ਬਿੱਲ ਲਿਆਉਣਾ ਅਤਿ ਜਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਬਿੱਲ ਬਹੁਤ ਹੀ ਜਰੂਰੀ ਹੈ ਕਿਉਂਕਿ ਸਾਡੀ ਅਡੈਟਟੀ ਕਰਾਈਸਸ ਹੋ ਰਹੀ ਹੈ। ਖਹਿਰਾ ਨੇ ਕਿਹਾ ਕਿ ਸਪੀਕਰ ਨੇ 100 ਰੀਪਰਜੈਂਟ ਦਿੱਤੀਆਂ ਕਿ ਵਿਧਾਨ ਸਭਾ ਦਾ ਸਮਾਂ ਵਧਾਓ, ਉਨ੍ਹਾਂ ਕਿਹਾ ਕਿ ਉਨ੍ਹਾਂ ਪੂਰਾ ਰਿਕਾਰਡ 2022 ਅਤੇ 23 ਦਾ ਕਢਵਾਇਆ ਹੈ, ਕਾਂਗਰਸ ਸਰਕਾਰ ਸਮੇਂ ਦੀਆਂ ਸਿਟਿੰਗਸ ਨੂੰ ਘਟਾ ਦਿੱਤੀਆਂ ਹਨ, ਸਭ ਤੋਂ ਪਹਿਲਾਂ ਇੰਨ੍ਹਾਂ ਦਾ ਨੁਕਤਾ ਕਿ ਇਹ ਝੂਠ ਬੋਲਦੇ ਹਨ, ਇੰਨ੍ਹਾਂ ਦੀਆਂ ਲਾਇਵ ਪ੍ਰੋਸੀਡਿੰਗ ਪਾਰਟੀਸ਼ਨ ਨੇ, ਵਿਰੋਧੀਆਂ ਨੂੰ ਇੱਕ ਫਰੇਮ ਵਿੱਚ ਲੈ ਕੇ ਦੂਰ ਤੋਂ ਦਿਖਾਉਂਦੇ ਹਨ, ਜਿਸ ਵਿੱਚ ਕਿਸੇ ਦੀ ਪਹਿਚਾਣ ਨਹੀਂ ਆਉਂਦੀ। 

ਰਾਜਪਾਲ ਨੂੰ ‘ਮੇਰੀ ਸਰਕਾਰ’ ਕਹਿਣ ਲਈ ਮਜਬੂਰ ਕੀਤਾ ਗਿਆ : ਰਾਜਾ ਵੜਿੰਗ
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਪਹਿਲੇ ਦਿਨ ਸਦਨ ’ਚੋਂ ਵਾਕਆਊਟ ਕਰਨ ਮਗਰੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਆਪਣੇ ਭਾਸ਼ਣ ਦੌਰਾਨ ਰਾਜਪਾਲ ਨੂੰ ‘ਮੇਰੀ ਸਰਕਾਰ’ ਕਹਿਣ ਲਈ ਮਜਬੂਰ ਕੀਤਾ ਗਿਆ। ਉਹਨਾਂ ਕਿਹਾ ਕਿ ਅਸੀਂ ਸਰਕਾਰ ਨੂੰ ਕਿਹਾ ਸੀ ਕਿ ਤੁਹਾਡਾ ਅਤੇ ਰਾਜਪਾਲ ਦਾ ਹਰ ਰੋਜ਼ ਦਾ ਕਲੇਸ਼ ਹੈ, ਪਹਿਲਾਂ ਉਸ ਨੂੰ ਸਪੱਸ਼ਟ ਕਰੋ। ਰਾਜਪਾਲ ਭਾਸ਼ਣ ਵਿਚ ‘ਮੇਰੀ ਸਰਕਾਰ’ ਕਹਿ ਰਹੇ ਸੀ ਪਰ ਉੱਧਰ ਤੁਸੀਂ ਸਵਾਲ ਪੁੱਛ ਰਹੇ ਹੋ। ਗਵਰਨਰ ਵੀ ਸਵਾਦ ਲੈ ਰਹੇ ਸੀ। ਉਹ ਕਹਿੰਦੇ ਠੀਕ ਹੈ ਕਿ ਮੈਂ ‘ਮੇਰੀ ਸਰਕਾਰ’ ਦੀ ਬਜਾਏ ‘ਸਰਕਾਰ’ ਬੋਲ ਰਿਹਾ ਹਾਂ। ਇਸ ਤੋਂ ਸਪੱਸ਼ਟ ਹੈ ਕਿ ਰਾਜਪਾਲ ਦਾ ਮਨ ਨਹੀਂ ਸੀ, ਉਹ ਮਜਬੂਰਨ ਭਾਸ਼ਣ ਦੇਣ ਲਈ ਆਏ। ਰਾਜਪਾਲ ਨੇ ਕਿਸ ਮਜਬੂਰੀ ਕਾਰਨ ਸੈਸ਼ਨ ਸੱਦਿਆ, ਇਹ ਤਾਂ ਜੱਗ ਜ਼ਾਹਿਰ ਹੋ ਗਿਆ ਹੈ। ਰਾਜਾ ਵੜਿੰਗ ਨੇ ਕਿਹਾ ਕਿ ਰਾਜਪਾਲ ‘ਮੇਰੀ ਸਰਕਾਰ’ ਕਹਿਣਾ ਨਹੀਂ ਚਾਹੁੰਦੇ ਸਨ ਪਰ ਉਹਨਾਂ ਕੋਲੋਂ ਕਹਾਇਆ ਗਿਆ। ਜਦੋਂ ਉਹਨਾਂ ਨੇ ਸਿੰਗਾਪੁਰ ਭੇਜੇ ਪ੍ਰਿੰਸੀਪਲਾਂ ਦੀ ਗੱਲ ਕੀਤੀ ਤਾਂ ਅਸੀਂ ਪੁੱਛਿਆ ਕਿ ਤੁਸੀਂ ਇਸ ਸਬੰਧੀ ਸਪੱਸ਼ਟੀਕਰਨ ਮੰਗਿਆ ਸੀ, ਕੀ ਤੁਹਾਨੂੰ ਜਵਾਬ ਮਿਲ ਗਿਆ? ਮੁੱਖ ਮੰਤਰੀ ਅਤੇ ਰਾਜਪਾਲ ਨੂੰ ਅਪੀਲ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਉਹਨਾਂ ਨੂੰ ਇਹ ਰੇੜਕਾ ਖਤਮ ਕਰਕੇ ਆਪਣੇ ਅਹੁਦਿਆਂ ਦੀ ਕਦਰ ਕਰਨੀ ਚਾਹੀਦੀ ਹੈ। ਉਹਨਾਂ ਨੂੰ ਮਰਿਆਦਾ ਵਿਚ ਰਹਿ ਕੇ ਸਵਾਲ-ਜਵਾਬ ਕਰਨੇ ਚਾਹੀਦੇ ਹਨ ਤਾਂ ਜੋ ਅਜਿਹੇ ਹਾਲਾਤ ਮੁੜ ਪੈਦਾ ਨਾ ਹੋਣ। ਰਾਜਾ ਵੜਿੰਗ ਨੇ ਇਸ ਗੱਲ ਨਾਲ ਵੀ ਸਹਿਮਤੀ ਜਤਾਈ ਕਿ ਸੂਬਿਆਂ ਦੇ ਰਾਜਪਾਲ ਭਾਜਪਾ ਦੇ ਪ੍ਰਚਾਰਕ ਬਣ ਗਏ ਹਨ। ਉਹਨਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਸਰਕਾਰ ਅਤੇ ਰਾਜਪਾਲ ਵਿਚ ਜਾਰੀ ਵਿਵਾਦ ਵਿਚ ਵੀ ਭਾਜਪਾ ਦੀ ਦਖਲ ਹੈ।  

'ਆਪ' ਸਰਕਾਰ ਇਕ ਸਾਲ ਵਿਚ ਹੀ ਬੁਰੀ ਤਰ੍ਹਾਂ ਫੇਲ੍ਹ ਹੋਈ : ਇਆਲੀ
ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸਰਕਾਰ ਇਕ ਸਾਲ ਵਿਚ ਬੁਰੀ ਤਰ੍ਹਾਂ ਫੇਲ੍ਹ ਹੋ ਗਈ। ਕਾਨੂੰਨ ਅਵਸਥਾ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਈ ਹੈ। ਹਰ ਰੋਜ਼ ਕਤਲ ਹੋ ਰਹੇ ਹਨ। ਸਰਕਾਰ ਉਹਨਾਂ ਨੂੰ ਕੰਟਰੋਲ ਨਹੀਂ ਕਰ ਸਕੀ। ਮੰਡੀ ਬੋਰਡ ਡਿਫ਼ਾਲਟਰ ਹੋ ਚੁੱਕਿਆ ਹੈ। ਪਾਵਰਕਾਮ ਦੀ ਹਾਲਤ ਬਹੁਤ ਮਾੜੀ ਹੈ। ਉਸ 'ਤੇ ਕਰੋੜਾਂ ਦਾ ਕਰਜ਼ਾ ਹੈ। 'ਆਪ' ਸਰਕਾਰ ਜੋ ਵਾਅਦੇ ਕਰਕੇ ਸੱਤਾ ਵਿਚ ਆਈ ਸੀ। ਉਹ ਵਾਅਦੇ ਵੀ ਪੂਰੇ ਨਹੀਂ ਕਰ ਸਕੀ। ਅੱਜ ਹਰ ਵਰਗ ਸਰਕਾਰ ਤੋਂ ਦੁਖੀ ਹੈ। ਸਰਕਾਰ ਨੂੰ ਆਪਣੀ ਕਾਰਗੁਜ਼ਾਰੀ ਵਿਖਾਉਣੀ ਪੈਣੀ ਹੈ।