ਪ੍ਰਸਿੱਧ ਇਤਿਹਾਸਕਾਰ ਪ੍ਰੋ.ਪ੍ਰਿਥੀਪਾਲ ਸਿੰਘ ਕਪੂਰ ਨਹੀਂ ਰਹੇ

ਚੰਡੀਗੜ੍ਹ, 7 ਸਤੰਬਰ : ਪ੍ਰਸਿੱਧ ਇਤਿਹਾਸਕਾਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋ ਵਾਈਸ ਚਾਂਸਲਰ ਪ੍ਰੋਃ ਪਿਰਥੀਪਾਲ ਸਿੰਘ ਦਾ ਅੱਜ ਦੁਪਹਿਰੇ ਲੁਧਿਆਣਾ ਵਿੱਚ ਦੇਹਾਂਤ ਹੋ ਗਿਆ ਹੈ। ਉਹ ਲਗਪਗ 90 ਸਾਲ ਦੇ ਸਨ। ਪ੍ਰੋ. ਕਪੂਰ ਨੇ ਆਪਣਾ ਵਿਦਿਅਕ ਸਫ਼ਰ ਰਾਮਗੜ੍ਹੀਆ ਕਾਲਜ ਫਗਵਾੜਾ ਵਿੱਚ ਪੜ੍ਹਾਉਣ ਤੋਂ ਆਰੰਭਿਆ ਤੇ ਉਸ ਤੋਂ ਬਾਅਦ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿੱਚ ਇਤਿਹਾਸ ਦੇ ਪ੍ਰੋਫੈਸਰ ਬਣੇ। ਉਹ ਗੁਰੂ ਨਾਨਕ ਨਵਭਾਰਤ ਕਾਲਜ ਨਰੂੜ ਪਾਂਛਟਾ (ਜਲੰਧਰ) ਤੇ ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਦੇ ਵੀ ਪ੍ਰਿੰਸੀਪਲ ਰਹੇ। ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਦੇ ਵੀ ਆਪ ਡਾਇਰੈਕਟਰ ਰਹੇ। ਉਹ ਗੁਜਰਾਂਵਾਲਾ ਗੁਰੂ ਨਾਨਕ ਐਜੂਕੇਸ਼ਨ ਕੌਂਸਲ ਲੁਧਿਆਣਾ ਦੇ ਵੀ ਪ੍ਰਧਾਨ ਰਹੇ। ਪ੍ਰੋਃ ਕਪੂਰ ਦਾ ਅੰਤਿਮ ਸੰਸਕਾਰ 8 ਸਤੰਬਰ ਨੂੰ ਭਾਈ ਰਣਧੀਰ ਸਿੰਘ ਨਗਰ ਸ਼ਮਸ਼ਾਨਘਾਟ (ਸੁਨੇਤ) ਵਿੱਚ ਸ਼ਾਮੀਂ ਪੰਜ ਵਜੇ ਕੀਤਾ ਜਾਵੇਗਾ।  ਉਨ੍ਹਾਂ ਦੇ ਦੇਹਾਂਤ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ  ਭਗਵੰਤ ਮਾਨ ਨੇ ਟਵੀਟ ਕੀਤਾ ਕਿ ਪੰਜਾਬੀ ਮਾਂ ਬੋਲੀ ਦੇ ਪ੍ਰਸਿੱਧ ਇਤਿਹਾਸਕਾਰ ਪ੍ਰੋਫੈਸਰ ਪ੍ਰਿਥੀਪਾਲ ਸਿੰਘ ਕਪੂਰ ਜੀ ਦੇ ਅਕਾਲ ਚਲਾਣੇ ਬਾਰੇ ਸੁਣ ਕੇ ਦੁੱਖ ਹੋਇਆ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਤੇ ਸਿੱਖ ਕੌਮ ਦਾ ਵਿਲੱਖਣ ਇਤਿਹਾਸ ਕਪੂਰ ਸਾਬ੍ਹ ਨੇ ਆਪਣੀ ਕਲਮ ਰਾਹੀਂ ਅਨੇਕਾਂ ਕਿਤਾਬਾਂ ‘ਚ ਕਲਮਬੱਧ ਕੀਤਾ ਹੈ। ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਵਿੱਛੜੀ ਰੂਹ ਨੂੰ ਚਰਨਾਂ ‘ਚ ਥਾਂ ਦੇਣ ਤੇ ਪਰਿਵਾਰ ਸਮੇਤ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ਼ ਬਖ਼ਸ਼ਣ।